ਕੋਟਲੀ ਸੂਰਤ ਮੱਲ੍ਹੀ, 28 ਜਨਵਰੀ (ਕੁਲਦੀਪ ਸਿੰਘ ਨਾਗਰਾ)-ਉੱਘੇ ਕਾਰੋਬਾਰੀ ਤੇ ਭਾਜਪਾ ਦੇ ਜ਼ਿਲ੍ਹਾ ਟੇਡ ਸੈੱਲ ਦੇ ਕੋਆਰਡੀਨੇਟਰ ਵਿਜੇ ਕੁਮਾਰ ਸੋਨੀ ਨੇ ਕਿਹਾ ਕਿ ਦੁਕਾਨਦਾਰਾਂ 'ਤੇ ਗੋਲੀ ਚਲਾਉਣ ਦੀਆਂ ਘਟਨਾਵਾ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ, ਜਿਸ ਕਰਕੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ, ਪਰ ਅਫ਼ਸੋਸ ਵਾਲੀ ਗੱਲ ਇਹ ਹੈ ਕਿ ਸਰਕਾਰ ਅਪਰਾਧੀਆਂ ਨੂੰ ਨੱਥ ਪਾਉਣ 'ਚ ਨਕਾਮ ਰਹੀ ਹੈ | ਇਥੇ ਇਕ ਵਿਸ਼ੇਸ਼ ਮੀਟਿੰਗ ਉਪਰੰਤ ਵਿਜੇ ਕੁਮਾਰ ਸੋਨੀ ਨੇ ਕਿਹਾ ਕਿ ਭਾਵੇਂ ਸਰਕਾਰ ਨੇ ਮਾੜੇ ਅਨਸਰਾਂ ਨੂੰ ਨਕੇਲ ਪਾਉਣ ਲਈ ਮੁਹਿੰਮ ਵਿੱਢੀ ਹੋਈ ਹੈ, ਪਰ ਦੁੱਖ ਦੀ ਗੱਲ ਇਹ ਹੈ ਕਿ ਅਪਰਾਧੀ ਸ਼ਰੇਆਮ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਰਹੇ ਹਨ ਤੇ ਪੁਲਿਸ ਸੁੱਤੀ ਪਈ ਹੈ | ਉਨ੍ਹਾਂ ਕਿਹਾ ਕਿ ਡੇਰਾ ਬਾਬਾ ਨਾਨਕ ਅੰਦਰ ਵਾਪਰੀ ਮੰਦਭਾਗੀ ਘਟਨਾ ਨੇ ਇਲਾਕੇ ਅੰਦਰ ਸਹਿਮ ਤੇ ਡਰ ਦਾ ਮਾਹੌਲ ਬਣਾ ਇਆ ਹੈ ਤੇ ਲੋਕਾਂ ਦੀ ਜਾਨ-ਮਾਲ ਦੀ ਹਿਫ਼ਾਜ਼ਤ ਕਰਨ ਵਿਚ ਸਰਕਾਰ ਨਾਕਾਮ ਸਿੱਧ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਚਿੱਟੇ ਦਿਨ ਕਾਰੋਬਾਰੀ ਦੇ ਕਤਲ ਹੋ ਰਹੇ ਹਨ ਤੇ ਸਰਕਾਰ ਲੋਕਾਂ ਨੂੰ ਗੁੰਮਰਾਹ ਕਰਨ 'ਚ ਲੱਗੀ ਹੋਈ ਹੈ | ਉਨ੍ਹਾਂ ਕਿਹਾ ਕਿ ਕਾਨੂੰਨੀ ਵਿਵਸਥਾ ਦਿਨੋਂ-ਦਿਨ ਖ਼ਰਾਬ ਹੋ ਰਹੀ ਹੈ ਤੇ ਵਪਾਰੀ ਵਰਗ ਚਿੰਤਤ ਹੋਇਆ ਪਿਆ ਹੈ | ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾ ਕਰਕੇ ਵਪਾਰੀ ਵਰਗ ਬਹੁਤ ਚਿੰਤਤ ਹਨ | ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਪੰਜਾਬ 'ਚ ਆਪਸੀ ਭਾਈਚਾਰਕ ਸਾਂਝ ਨੂੰ ਬਣਾਈ ਰੱਖਣ ਲਈ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣ | ਇਸ ਮੌਕੇ ਕੰਵਲਜੀਤ ਸਿੰਘ ਗੱਗੂ, ਗੁਰਮੀਤ ਸਿੰਘ, ਮਲਕੀਤ ਸਿੰਘ, ਗੁਰਮੀਤ ਸਿੰਘ ਭੁੱਲਰ, ਰਾਕੇਸ਼ ਮਸੀਹ, ਹੀਰਾ ਲਾਲ, ਗੁਰਮੀਤ ਸਿੰਘ ਆਦਿ ਹਾਜ਼ਰ ਸਨ |