ਵਡਾਲਾ ਗ੍ਰੰਥੀਆਂ, 28 ਜਨਵਰੀ (ਗੁਰਪ੍ਰਤਾਪ ਸਿੰਘ ਕਾਹਲੋਂ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਡਾਲਾ ਗ੍ਰੰਥੀਆਂ ਦੇ ਪਿ੍ੰਸੀਪਲ ਰਾਮ ਲਾਲ ਦੀ ਅਗਵਾਈ ਤੇ ਲੈਕਚਰਾਰ ਹਰਪਾਲ ਸਿੰਘ ਦੀ ਦੇਖਰ-ਰੇਖ ਹੇਠ ਸਕੂਲ ਦੇ ਵਿਦਿਆਰਥੀਆਂ ਵਲੋਂ ਰਾਜੀਵ ਗਾਂਧੀ ਸਟੇਡੀਅਮ ਬਟਾਲਾ ਵਿਖੇ ਗਣਤੰਤਰ ਦਿਵਸ ਮੌਕੇ ਕਰਵਾਏ ਤਹਿਸੀਲ ਪੱਧਰੀ ਸਮਾਗਮ ਦੌਰਾਨ ਭੰਗੜੇ ਦੀ ਸ਼ਾਨਦਾਰ ਤੇ ਬਾਕਮਾਲ ਪੇਸ਼ਕਾਰੀ ਕੀਤੀ ਗਈ | ਵਿਦਿਆਰਥੀਆਂ ਦੀ ਸ਼ਾਨਦਾਰ ਪੇਸ਼ਕਾਰੀ ਤੋਂ ਪ੍ਰਭਾਵਿਤ ਹੋ ਕੇ ਮੁੱਖ ਮਹਿਮਾਨ ਵਲੋਂ ਟੀਮ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਉਪਲੱਬਧੀ ਤੋਂ ਬਾਅਦ ਅੱਜ ਸਕੂਲ ਵਿਖੇ ਪਿ੍ੰਸੀਪਲ ਰਾਮ ਲਾਲ ਤੇ ਸਮੂਹ ਸਟਾਫ਼ ਵਲੋਂ ਭੰਗੜਾ ਟੀਮ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਰਾਮ ਲਾਲ ਨੇ ਭੰਗੜਾ ਟੀਮ ਦੀ ਤਿਆਰੀ ਕਰਵਾਉਣ ਵਾਲੇ ਲੈਕਚਰਾਰ ਹਰਪਾਲ ਸਿੰਘ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਨਾ ਕੇਵਲ ਸਕੂਲ ਦਾ ਨਾਂਅ ਰੌਸ਼ਨ ਹੋਇਆ ਹੈ, ਸਗੋਂ ਵਿਦਿਆਰਥੀਆਂ 'ਚ ਆਪਣੇ ਪੰਜਾਬੀ ਸੱਭਿਆਚਾਰ, ਵਿਰਸੇ ਤੇ ਰਵਾਇਤਾਂ ਪ੍ਰਤੀ ਹੋਰ ਵੀ ਲਗਾਵ ਪੈਦਾ ਹੋਇਆ ਹੈ | ਉਨ੍ਹਾਂ ਕਿਹਾ ਕਿ ਭਵਿੱਖ 'ਚ ਵੀ ਵਿਦਿਆਰਥੀਆਂ ਦੀਆਂ ਅਜਿਹੀਆਂ ਸੱਭਿਆਚਾਰਕ ਤੇ ਖੇਡ ਗਤੀਵਿਧੀਆਂ ਨੂੰ ਪ੍ਰੋਤਸਾਹਨ ਦਿੱਤਾ ਜਾਵੇਗਾ ਤਾਂ ਜੋ ਬੱਚੇ ਪੜ੍ਹਾਈ ਦੇ ਨਾਲ-ਨਾਲ ਹਰ ਖੇਤਰ 'ਚ ਆਪਣੀ ਪ੍ਰਤਿਭਾ ਨੂੰ ਨਿਖਾਰ ਸਕਣ |