ਮੁੱਲਾਂਪੁਰ-ਦਾਖਾ, 31 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਦਾਖਾ-ਲੁਧਿਆਣਾ ਨੈਸ਼ਨਲ ਹਾਈਵੇ ਲਗਜ਼ਰੀ ਕਾਰਾਂ ਦੇ ਸ਼ੋਅਰੂਮ ਬਾਹਰ ਡਿਊਟੀ 'ਤੇ ਤਾਇਨਾਤ ਪੰਜਾਬ ਆਰਮਡ ਪੁਲਿਸ ਰਿਜ਼ਰਵ ਫੋਰਸ (ਆਈ.ਆਰ ਬਟਾਲੀਅਨ) ਸਿਪਾਹੀ ਅਨੋਜ ਮਸੀਹ ਦੀ ਆਪਣੀ ਹੀ ਰਾਈਫ਼ਲ ਦੀ ਗੋਲੀ ਵੱਜਣ ਨਾਲ ਮੌਤ ਹੋਣ ਬਾਰੇ ਦਾਖਾ ਪੁਲਿਸ ਪੁਸ਼ਟੀ ਕੀਤੀ | ਜਾਣਕਾਰੀ ਅਨੁਸਾਰ ਆਰ.ਏ.ਸੀ. ਕਾਰ ਸ਼ੋਅਰੂਮ ਮਾਲਕ ਨੂੰ ਧਮਕੀ ਮਿਲਣ ਬਾਅਦ ਲੁਧਿਆਣਾ ਦਿਹਾਤੀ ਪੁਲਿਸ ਵਲੋਂ ਕਈ ਦਿਨਾਂ ਤੋਂ ਸ਼ੋਅਰੂਮ ਅੱਗੇ 24 ਘੰਟੇ ਲਈ ਪੱਕੀ ਪੁਲਿਸ ਤਾਇਨਾਤ ਸੀ | ਜ਼ਿਲ੍ਹਾ ਗੁਰਦਾਸਪੁਰ ਅਧੀਨ ਥਾਣਾ ਕਲਾਨੌਰ ਦੇ ਪਿੰਡ ਲੱਖ ਕਾਲਾ ਵਸਨੀਕ ਸਿਪਾਹੀ ਅਨੋਜ ਮਸੀਹ (24) ਨੂੰ ਕੋਈ 2 ਕੁ ਵਰ੍ਹੇ ਪਹਿਲਾਂ ਹੀ ਸਰਕਾਰੀ ਨੌਕਰੀ ਮਿਲੀ ਸੀ | ਆਰ.ਪੀ.ਐੱਫ ਦੇ ਸਿਪਾਹੀ ਦੀ ਡਿਊਟੀ ਦੌਰਾਨ ਮੌਤ ਹੋਣ 'ਤੇ ਪੁਲਿਸ ਮੁਲਾਜ਼ਮਾਂ ਵਿਚ ਸੋਗ ਦੀ ਲਹਿਰ ਦੌੜ ਗਈ | ਦਾਖਾ ਪੁਲਿਸ ਵਲੋਂ ਸਿਪਾਹੀ ਦੀ ਮਿ੍ਤਕ ਦੇਹ ਸੰਭਾਲਦਿਆਂ ਪੋਸਟ ਮਾਰਟਮ ਉਪਰੰਤ ਮਿ੍ਤਕ ਦੇਹ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ | ਲਗਜ਼ਰੀ ਕਾਰਾਂ ਦੀ ਵਿਕਰੀ ਵਾਲੇ ਸ਼ੋਅਰੂਮ ਦਾ ਮਾਲਕ ਲੁਧਿਆਣੇ ਰਹਿੰਦਾ ਹੈ, ਜਦ ਕਿ ਥਾਣਾ ਦਾਖਾ ਦੀ ਹਦੂਦ 'ਚ ਕੇਵਲ ਉਸ ਦਾ ਸ਼ੋਅ-ਰੂਮ ਹੀ ਹੈ, ਦਾਖਾ ਪੁਲਿਸ ਲਗਜ਼ਰੀ ਕਾਰਾਂ ਦੁਆਲੇ ਕੜਾਕੇ ਦੀ ਠੰਢ 'ਚ ਆਪਣੇ ਪੁਲਿਸ ਮੁਲਾਜ਼ਮਾਂ ਨੂੰ ਸਿਫ਼ਟਾਂ 'ਚ 24 ਘੰਟੇ ਡਿਊਟੀ 'ਤੇ ਤਾਇਨਾਤ ਰੱਖਦੀ ਹੈ |