ਪਠਾਨਕੋਟ, 31 ਜਨਵਰੀ (ਵਿਨੋਦ)-ਦੇਸ਼ ਲਈ ਪਾਕਿਸਤਾਨ 'ਚ 10 ਸਾਲ ਦੀ ਸਜ਼ਾ ਕੱਟੀ ਤੇ ਹੁਣ ਪਿਛਲੇ 38 ਸਾਲਾ ਤੋਂ ਗ਼ੁਰਬਤ ਵਰੀ ਜ਼ਿੰਦਗੀ ਜਿਊਣ ਨੂੰ ਮਜਬੂਰ ਪਠਾਨਕੋਟ ਦੇ ਪਿੰਡ ਮਿਰਜੇਪੁਰ ਦੇ ਵਾਸੀ ਬਿਸ਼ਨ ਦਾਸ ਨੇ ਆਪਣੀ ਦਰਦ ਭਰੀ ਕਹਾਣੀ ਸੁਣਾਉਂਦੇ ਹੋਏ ਦੱਸਿਆ ਕਿ 1972 ਵਿਚ ਉਹ ਕੇਂਦਰੀ ਏਜੰਸੀ ਰਾਅ ਦੇ ਸੰਪਰਕ ਵਿਚ ਆਇਆ, ਜਿਨ੍ਹਾਂ ਵਲੋਂ ਉਸ ਨੂੰ ਟ੍ਰੇਨਿੰਗ ਦੇ ਕੇ ਦੇਸ਼ ਭਗਤੀ ਦਾ ਜਜ਼ਬਾ ਉਸ ਦੇ ਅੰਦਰ ਜਗ੍ਹਾਂ ਕੇ ਉਸ ਨੂੰ ਪਾਕਿਸਤਾਨ ਭੇਜਿਆ ਅਤੇ ਉਹ ਕਈ ਵਾਰ ਪਾਕਿਸਤਾਨ ਗਿਆ ਤੇ ਲਗਪਗ ਛੇ ਸਾਲ ਕਈ ਮਹੱਤਵਪੂਰਨ ਜਾਣਕਾਰੀਆਂ ਪਾਕਿਸਤਾਨ ਤੋਂ ਭਾਰਤ ਨੂੰ ਦਿੰਦਾ ਰਿਹਾ | ਆਿਖ਼ਰਕਾਰ 1978 ਵਿਚ ਉਸ ਨੂੰ ਪਾਕਿਸਤਾਨ ਫ਼ੌਜ ਨੇ ਗਿ੍ਫ਼ਤਾਰ ਕਰ ਲਿਆ, ਉਸ ਨੂੰ ਕਈ ਤਰ੍ਹਾਂ ਦੇ ਤਸੀਹੇ ਦਿੱਤੇ ਗਏ ਪਰ ਉਸ ਨੇ ਕੁਝ ਵੀ ਨਹੀਂ ਦੱਸਿਆ | ਉਸ ਨੇ ਪਾਕਿਸਤਾਨ 'ਚ 10 ਸਾਲ ਸਜ਼ਾ ਕੱਟੀ ਤੇ ਉਸ ਨੂੰ ਉਮੀਦ ਸੀ ਕਿ ਜਦੋਂ ਉਹ ਭਾਰਤ ਆਏਗਾ ਤਾਂ ਦੇਸ਼ ਭਗਤ ਦੇ ਰੂਪ 'ਚ ਉਸ ਦਾ ਸਵਾਗਤ ਕੀਤਾ ਜਾਵੇਗਾ ਪਰ ਜਦੋਂ ਉਹ ਪਾਕਿਸਤਾਨ ਤੋਂ ਸਜ਼ਾ ਕੱਟ ਕੇ ਭਾਰਤ ਦੇ ਬਾਰਡਰ 'ਤੇ ਆਇਆ ਤਾਂ ਨਾ ਤਾਂ ਉਸ ਦੇ ਮਹਿਕਮੇ ਦੇ ਕੋਈ ਅਫ਼ਸਰ ਆਏ ਤੇ ਨਾ ਹੀ ਕਿਸੇ ਵਲੋਂ ਕੋਈ ਸਵਾਗਤ ਕੀਤਾ | 38 ਸਾਲ ਬੀਤ ਜਾਣ ਦੇ ਬਾਅਦ ਵੀ ਕਿਸੇ ਵੀ ਵਿਭਾਗ ਜਾਂ ਸਰਕਾਰ ਵਲੋਂ ਉਸ ਨੂੰ ਕੋਈ ਵੀ ਮਾਲੀ ਸਹਾਇਤਾ ਨਹੀਂ ਦਿੱਤੀ ਗਈ, ਜਿਸ ਕਾਰਨ ਉਹ ਬੁਢਾਪੇ ਵਿਚ ਗ਼ੁਰਬਤ ਦੀ ਜ਼ਿੰਦਗੀ ਜਿਊਣ ਨੂੰ ਮਜਬੂਰ ਹੈ ਅਤੇ ਦਿਹਾੜੀਆਂ ਲਗਾ ਕੇ ਮਜ਼ਦੂਰੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰ ਰਿਹਾ ਹੈ | ਉਸ ਨੇ ਦੱਸਿਆ ਕਿ ਦੇਸ਼ ਭਗਤੀ ਦੀ ਖ਼ਾਤਰ ਉਹ ਇੰਨੇ ਤਸੀਹੇ ਝੱਲਦਾ ਰਿਹਾ ਅਤੇ ਉਸ ਨੂੰ ਉਮੀਦ ਸੀ ਕਿ ਸਰਕਾਰ ਵਲੋਂ ਘੱਟ ਤੋਂ ਘੱਟ ਉਸ ਨੂੰ ਪੈਨਸ਼ਨ ਲਗਾਈ ਜਾਵੇਗੀ ਤਾਂ ਜੋ ਉਹ ਆਪਣਾ ਬੁਢਾਪਾ ਚੰਗਾ ਗੁਜ਼ਾਰ ਸਕਦਾ ਪਰ ਅੱਜ ਤੱਕ ਕਿਸੇ ਵੀ ਸਰਕਾਰ ਨੇ ਉਸ ਦੀ ਨਹੀਂ ਸੁਣੀ | ਉਸ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਸ ਨੂੰ ਪੈਨਸ਼ਨ ਲਗਾਈ ਜਾਵੇ ਤਾਂ ਜੋ ਉਹ ਬੁਢਾਪੇ ਵਿਚ ਆਪਣਾ ਗੁਜ਼ਾਰਾ ਕਰ ਸਕੇ |