ਲੁਧਿਆਣਾ, 31 ਜਨਵਰੀ (ਡਾ. ਤਰਲੋਚਨ ਸਿੰਘ)-ਸਨਾਤਨ ਸੇਵਾ ਸਮਿਤੀ ਪੰਜਾਬ ਅਤੇ ਵੇਦ ਪ੍ਰਚਾਰ ਮੰਡਲ ਪੰਜਾਬ ਵਲੋਂ ਸਾਂਝੇ ਤੌਰ 'ਤੇ ਬੀ.ਸੀ.ਐਮ. ਸਕੂਲ, ਲੁਧਿਆਣਾ ਵਿਖੇ ਕਰਵਾਏ ਪੁਰਸਕਾਰ ਸਮਾਰੋਹ ਵਿਚ ਪਹੁੰਚੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਿੱਖਿਆ ਮੰਤਰੀ ਹੋਣ ਦੇ ਨਾਤੇ ਮੇਰੇ ਮੋਢਿਆਂ ਉਤੇ ਵੱਡੀ ਜ਼ਿੰਮੇਵਾਰੀ ਹੈੈ | ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਹੁਤ ਹੀ ਬੁਲੰਦ ਆਵਾਜ਼ ਵਿਚ ਪੰਜਾਬ ਦੀਆਂ ਮੰਗਾਂ ਦੇਸ਼ ਦੇ ਗ੍ਰਹਿ ਮੰਤਰੀ ਅਮਿੱਤ ਸ਼ਾਹ ਨੂੰ ਮਿਲ ਕੇ ਰੱਖੀਆਂ ਹਨ | ਉਨ੍ਹਾਂ ਕਿਹਾ ਕਿ ਪਿਛਲੇ ਸਾਲ ਅਪ੍ਰੇਸ਼ਨ ਸੰਧੂਰ ਅਤੇ ਹੜ੍ਹਾਂ ਦੇ ਕਾਰਨ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਸੀ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਪੰਜਾਬ ਨੂੰ ਸਪੈਸ਼ਲ ਰਾਹਤ ਪੈਕੇਜ ਦਿੱਤਾ ਜਾਵੇ ਜੋ ਕਾਨੂੰਨੀ ਹੱਕਾਂ ਤਹਿਤ ਚਾਹੇ ਉਹ ਆਰ.ਡੀ.ਐਫ. ਦਾ ਰੁਪਇਆ ਜਾਂ ਹੋਰ ਸਕੀਮਾਂ ਦਾ ਰੁਪਇਆ ਹੈ ਉਹ ਦੇਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਸਿਰਫ਼ ਇਕ ਜਾਂ ਡੇਢ ਪ੍ਰਤੀਸ਼ਤ ਨਾਲ ਸਕੂਲਾਂ ਕਾਲਜਾਂ ਅਤੇ ਰਿਸਰਚਾਂ ਉਤੇ ਕੰਮ ਨਹੀਂ ਕੀਤਾ ਜਾ ਸਕਦਾ, ਘੱਟੋ ਘੱਟ 10 ਪ੍ਰਤੀਸ਼ਤ ਬਜਟ ਦਾ ਹਿੱਸਾ ਸਿੱਖਿਆ ਪ੍ਰਣਾਲੀ ਲਈ ਹੋਣਾ ਚਾਹੀਦਾ ਹੈ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨੂੰ ਬਣਦੇ ਹੱਕ ਦੇਣ ਲਈ ਡੰਗ ਟਪਾਊ ਨੀਤੀ ਅਪਣਾ ਕੇ ਪੰਜਾਬ ਦੇ ਲੋਕਾਂ ਨਾਲ ਧ੍ਰੋਹ ਕਮਾ ਰਹੀ ਹੈ |