ਵਡਾਲਾ ਗ੍ਰੰਥੀਆਂ, 6 ਫਰਵਰੀ (ਗੁਰਪ੍ਰਤਾਪ ਸਿੰਘ ਕਾਹਲੋਂ)-ਅੱਜ ਵਡਾਲਾ ਗ੍ਰੰਥੀਆਂ ਅੱਡੇ 'ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਮੋਟਰਸਾਈਕਲ 'ਤੇ ਸਵਾਰ ਦੋ ਨਕਾਬਪੋਸ਼ ਨੌਜਵਾਨਾਂ ਨੇ ਪਿਸਤੌਲ ਦਿਖਾ ਕੇ ਇਕ ਦੁਕਾਨ ਤੋਂ ਢਾਈ ਲੱਖ ਰੁਪਏ ਦੀ ਨਕਦੀ ਤੇ ਚਾਰ ਮੋਬਾਈਲ ਫੋਨ ਖੋਹ ਲਏ | ਲੁੱਟ ਦੀ ਇਸ ਵੱਡੀ ਵਾਰਦਾਤ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ | ਇਸ ਸਬੰਧੀ ਵਰੁਨ ਟਰੈਵਲਸ ਦੇ ਮਾਲਕ ਵਰਨ ਦੁੱਗਲ ਨੇ ਦੱਸਿਆ ਕਿ ਉਹ ਕਿਸੇ ਨਿੱਜੀ ਕੰਮ ਸਬੰਧੀ ਬਟਾਲਾ ਗਿਆ ਹੋਇਆ ਸੀ ਤੇ ਉਸ ਦੀ ਦੁਕਾਨ 'ਤੇ ਉਸ ਸਮੇਂ ਕਰਮਚਾਰੀ ਕੰਮ ਕਰ ਰਹੇ ਸਨ | ਇਸ ਦੌਰਾਨ ਦੋ ਨਕਾਬਪੋਸ਼ ਨੌਜਵਾਨ ਮੋਟਰਸਾਈਕਲ 'ਤੇ ਆਏ ਤੇ ਦੁਕਾਨ ਦੇ ਸਾਹਮਣੇ ਮੋਟਰਸਾਈਕਲ ਖੜਾ ਕਰਕੇ ਅੰਦਰ ਦਾਖ਼ਲ ਹੋਏ, ਉਨ੍ਹਾਂ ਪਿਸਤੌਲ ਵਿਖਾ ਕੇ ਕਰਮਚਾਰੀਆਂ ਨੂੰ ਡਰਾਉਂਦੇ ਹੋਏ ਕਾਊਾਟਰ ਵਿਚ ਪਏ ਢਾਈ ਲੱਖ ਰੁਪਏ ਅਤੇ 4 ਮੋਬਾਈਲ ਫੋਨ ਲੁੱਟ ਲਏ ਤੇ ਫਰਾਰ ਹੋ ਗਏ | ਘਟਨਾ ਦੀ ਸੂਚਨਾ ਮਿਲਦਿਆਂ ਹੀ ਬਟਾਲਾ ਪੁਲਿਸ ਦੇ ਡੀ.ਐਸ.ਪੀ. ਸੰਜੀਵ ਕੁਮਾਰ, ਥਾਣਾ ਸੇਖਵਾਂ ਦੇ ਐਸ.ਐਚ.ਓ. ਰਜਵੰਤ ਕੌਰ ਤੇ ਪੁਲਿਸ ਚੌਂਕੀ ਵਡਾਲਾ ਗ੍ਰੰਥੀਆਂ ਦੇ ਇੰਚਾਰਜ ਸੁਖਰਾਜ ਸਿੰਘ ਤੁਰੰਤ ਪੁਲਿਸ ਫੋਰਸ ਸਮੇਤ ਮੌਕੇ 'ਤੇ ਪਹੁੰਚੇ | ਪੁਲਿਸ ਵਲੋਂ ਘਟਨਾ ਸਥਾਨ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਤੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਛਾਣਬੀਣ ਕੀਤੀ ਜਾ ਰਹੀ ਹੈ | ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਤੇ ਗਿ੍ਫ਼ਤਾਰੀ ਲਈ ਵੱਖ-ਵੱਖ ਟੀਮਾਂ ਗਠਿਤ ਕਰ ਦਿੱਤੀਆਂ ਗਈਆਂ ਹਨ ਤੇ ਜਲਦ ਹੀ ਲੁੱਟ ਦੀ ਇਸ ਵਾਰਦਾਤ ਦਾ ਪਰਦਾਫਾਸ਼ ਕਰ ਲਿਆ ਜਾਵੇਗਾ |