ਗੁਰਦਾਸਪੁਰ, 6 ਫਰਵਰੀ (ਅਸ਼ੋਕ ਸ਼ਰਮਾ)-ਪਿੰਡ ਨੌਸ਼ਹਿਰਾ ਦੇ ਸ਼ਹੀਦ ਸਿਪਾਹੀ ਇੰਦਰ ਸਿੰਘ ਪੇਲੀਆ ਸਟੇਡੀਅਮ ਨੰੂ ਆਧੁਨਿਕ ਬਣਾਉਣ ਲਈ ਪੰਜਾਬ ਸਰਕਾਰ ਤੋਂ ਇਲਾਕੇ ਦੇ ਲੋਕਾਂ ਨੇ ਗੁਹਾਰ ਲਗਾਈ ਹੈ | ਜਦੋਂ ਕਿ ਇਸ ਸਟੇਡੀਅਮ ਨਾਲ ਇਲਾਕੇ ਦੇ 7 ਪਿੰਡਾਂ ਤੋਂ ਵੱਧ ਖਿਡਾਰੀ ਜੁੜੇ ਹੋਏ ਹਨ | ਇਸ ਸਬੰਧੀ ਪਿੰਡ ਵਾਸੀ ਨਵਜੋਤ ਸਿੰਘ ਸੋਨੰੂ, ਹਰਪ੍ਰੀਤ ਸਿੰਘ ਨੇ ਦੱਸਿਆ ਕਿ ਭਾਵੇਂ ਕਾਂਗਰਸ ਸਰਕਾਰ ਵੇਲੇ ਇਹ ਸਟੇਡੀਅਮ ਬਣਾਇਆ ਸੀ | ਜਿਸ ਨਾਲ ਇਲਾਕੇ 'ਚ ਚੰਗੇ ਖਿਡਾਰੀ ਪੈਦਾ ਹੋ ਸਕਣ | ਇੱਥੇ ਉਸ ਸਮੇਂ ਦੀਆਂ ਸਰਕਾਰਾਂ ਨੇ ਖੇਡਾਂ ਵਾਸਤੇ ਕੋਚ ਰੱਖਣ ਦੀ ਗੱਲ ਵੀ ਆਖੀ ਸੀ | ਪਰ ਖੇਡਾਂ ਲਈ ਕੋਈ ਕੋਚ ਤੇ ਖੇਡਾਂ ਵਾਸਤੇ ਸਮਾਨ ਨਹੀਂ ਮਿਲਿਆ ਸੀ | ਇਸ ਸਬੰਧੀ ਹੋਰ ਮੋਹਤਬਰਾਂ ਨੇ ਦੱਸਿਆ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਨਜ਼ਦੀਕੀ ਪ੍ਰਵਾਸੀ ਭਾਰਤੀ ਕਮਲ ਸਿੰਘ ਦੇ ਉਪਰਾਲੇ ਸਦਕਾ ਖੇਡ ਸਟੇਡੀਅਮ ਵਾਸਤੇ 3 ਏਕੜ ਜ਼ਮੀਨ ਪੰਚਾਇਤ ਤੋਂ ਪ੍ਰਾਪਤ ਕਰਕੇ ਵਧੀਆ ਤਰੀਕੇ ਨਾਲ ਸਟੇਡੀਅਮ ਬਣਾਇਆ ਗਿਆ ਸੀ, ਜਿਸ ਨਾਲ ਇਲਾਕੇ 'ਚ ਕਾਫ਼ੀ ਉਤਸ਼ਾਹ ਪੈਦਾ ਹੋਇਆ ਸੀ | ਬਾਅਦ 'ਚ ਸਰਕਾਰਾਂ ਨੇ ਇਸ ਸਟੇਡੀਅਮ ਨੰੂ ਅਣਗੌਲਿਆਂ ਕਰ ਦਿੱਤਾ | ਉਨ੍ਹਾਂ ਦੱਸਿਆ ਕਿ ਹੁਣ ਜਿੱਥੇ ਸਰਕਾਰ ਪਿੰਡ ਪੱਧਰ 'ਤੇ ਸਟੇਡੀਅਮ ਬਣਾਉਣ ਲਈ ਵੱਡੇ ਪੱਧਰ 'ਤੇ ਯਤਨ ਕਰ ਰਹੀ ਹੈ | ਇਸ ਸਟੇਡੀਅਮ 'ਤੇ 10 ਲੱਖ ਖਰਚ ਕਰਕੇ ਇਲਾਕੇ 'ਚ ਖਿਡਾਰੀਆਂ ਵਾਸਤੇ ਵਰਦਾਨ ਸਾਬਤ ਹੋ ਸਕਦਾ ਹੈ | ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਉਕਤ ਸਟੇਡੀਅਮ ਦੀ ਨੁਹਾਰ ਬਦਲਣ, ਖੇਡ ਕਿੱਟਾਂ ਤੇ ਲੋਕਾਂ ਵਲੋਂ ਨੇੜੇ ਤੇੜੇ ਕੀਤੇ ਨਾਜਾਇਜ਼ ਕਬਜ਼ੇ ਖਾਲੀ ਕਰਵਾਏ ਜਾਣ |