ਗੁਰਦਾਸਪੁਰ, 6 ਫਰਵਰੀ (ਚੱਕਰਾਜਾ)-ਰੈੱਡ ਕਰਾਸ ਨਸ਼ਾ ਛੁਡਾਊ ਤੇ ਪੁਨਰਵਾਸ ਕੇਂਦਰ ਬੱਬੇਹਾਲੀ ਗੁਰਦਾਸਪੁਰ ਜੋ ਸ਼ਿਵ ਦੁਲਾਰ ਸਿੰਘ ਆਈ.ਏ.ਐੱਸ (ਰਿਟਾਇਰਡ) ਸਕੱਤਰ ਪੰਜਾਬ ਰੈੱਡ ਕਰਾਸ ਸੁਸਾਇਟੀ ਦੀ ਰਹਿਨੁਮਾਈ ਤੇ ਨੈਸ਼ਨਲ ਐਵਾਰਡੀ ਪ੍ਰੋਜੈਕਟ ਡਾਇਰੈਕਟਰ ਰੋਮੇਸ਼ ਮਹਾਜਨਦੀ ਅਗਵਾਈ ਹੇਠ ਚੱਲ ਰਿਹਾ ਹੈ ਵਿਖੇ ਅੱਜ ਸਹਾਇਕ ਕਮਿਸ਼ਨਰ (ਜਨਰਲ) ਆਦਿੱਤਿਆ ਗੁਪਤਾ, ਵਲੋਂ ਵਿਸ਼ੇਸ਼ ਦੌਰਾ ਕੀਤਾ | ਇਸ ਦੌਰੇ ਦੌਰਾਨ ਆਦਿੱਤਿਆ ਗੁਪਤਾ ਨੇ ਨਸ਼ੇ ਦੀ ਲਤ ਤੋਂ ਪੀੜਤ ਇਲਾਜ ਅਧੀਨ ਮਰੀਜ਼ਾਂ ਨਾਲ ਮੁਲਾਕਾਤ ਕੀਤੀ ਤੇ ਕੇਂਦਰ ਦੀ ਸਮੁੱਚੀ ਵਿਵਸਥਾ ਤੇ ਪ੍ਰਭਾਵਸ਼ਾਲੀ ਕਾਰਗੁਜ਼ਾਰੀ 'ਤੇ ਗਹਿਰੀ ਸੰਤੁਸ਼ਟੀ ਪ੍ਰਗਟ ਕੀਤੀ | ਉਨ੍ਹਾਂ ਨੇ ਕੇਂਦਰ ਵਿਚ ਉਪਲਬਧ ਸੁਵਿਧਾਵਾਂ ਦਾ ਨਿਰੀਖਣ ਕੀਤਾ ਤੇ ਆਧੁਨਿਕ ਲਾਇਬ੍ਰੇਰੀ, ਜਿਮ, ਸਿਨੇਮਾ ਹਾਲ, ਓ.ਪੀ.ਡੀ. ਸੇਵਾਵਾਂ ਤੇ ਸਮਾਜ 'ਚ ਮੁੜ ਵਸਾਹ ਲਈ ਤਿਆਰ ਕੀਤੇ ਸੁਚੱਜੇ ਪੁਨਰਵਾਸ ਮਾਹੌਲ ਦੀ ਭਰਪੂਰ ਸਲਾਹੁਣਾ ਕੀਤੀ | ਅਸਿਸਟੈਂਟ ਕਮਿਸ਼ਨਰ ਨੇ ਸਟਾਫ ਮੈਂਬਰਾਂ ਨਾਲ ਇਲਾਜ ਤੇ ਪੁਨਰਵਾਸ ਦੀ ਅਪਣਾਈ ਗਈ ਪ੍ਰਣਾਲੀ ਬਾਰੇ ਵੀ ਚਰਚਾ ਕੀਤੀ | ਇਸ ਉਪਰੰਤ ਉਨ੍ਹਾਂ ਨੇ ਮਰੀਜ਼ਾਂ ਨਾਲ ਗੱਲਬਾਤ ਕੀਤੀ, ਜਿੱਥੇ ਕਈ ਨੌਜਵਾਨਾਂ ਨੇ ਨਸ਼ੇ ਨਾਲ ਜੁੜੀਆਂ ਆਪਣੀਆਂ ਜੀਵਨ ਕਹਾਣੀਆਂ ਤੇ ਸੰਘਰਸ਼ ਸਾਂਝੇ ਕੀਤੇ | ਇਸ ਮੌਕੇ ਸੰਬੋਧਨ ਕਰਦਿਆਂ ਸਹਾਇਕ ਕਮਿਸ਼ਨਰ ਆਦਿੱਤਿਆ ਗੁਪਤਾ ਨੇ ਰੋਮੇਸ਼ ਮਹਾਜਨ ਦੇ ਅਣਥੱਕ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਅਸੀਂ ਸਭ ਮਿਲ ਕੇ ਨਸ਼ਿਆਂ ਦੀ ਬੁਰਾਈ 'ਤੇ ਹਮਲਾ ਕਰੀਏ | ਇਸ ਮੌਕੇ 'ਤੇ ਪ੍ਰੋਜੈਕਟ ਡਾਇਰੈਕਟਰ ਨੇ ਮੁੱਖ ਮਹਿਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਇਸ ਤਰ੍ਹਾਂ ਦੇ ਦੌਰੇ ਸਟਾਫ ਦਾ ਮਨੋਬਲ ਵਧਾਉਂਦੇ ਹਨ ਤੇ ਨਸ਼ੇ ਤੋਂ ਪੀੜਤ ਲੋਕਾਂ ਦੀ ਜ਼ਿੰਦਗੀ ਬਚਾਉਣ ਤੇ ਉਨ੍ਹਾਂ ਨੂੰ ਨਵੀਂ ਆਸ ਦੇਣ ਦੇ ਮਿਸ਼ਨ ਲਈ ਨਵੀਂ ਊਰਜਾ ਪ੍ਰਦਾਨ ਕਰਦੇ ਹਨ | ਇਸ ਮੌਕੇ ਸਰੋਜ ਬਾਲਾ, ਕੋਮਲਪ੍ਰੀਤ ਕੌਰ, ਰਘਬੀਰ ਸਿੰਘ, (ਕੌਂਸਲਰ), ਅਭਾ ਸ਼ਰਮਾ, ਹੀਰਾ ਲਾਲ ਆਦਿ ਹਾਜ਼ਰ ਸਨ |