ਗੁਰਦਾਸਪੁਰ, 21 ਫਰਵਰੀ (ਚੱਕਰਾਜਾ)-ਹਲਕਾ ਦੀਨਾਨਗਰ ਦੀ ਵਿਧਾਇਕਾ ਅਰੁਣਾ ਚੌਧਰੀ ਵਲੋਂ ਹਲਕੇ ਦੀਆਂ ਟੁੱਟੀਆਂ ਸੜਕਾਂ ਦਾ ਮੁੱਦਾ ਵਿਧਾਨ ਸਭਾ 'ਚ ਚੁੱਕੇ ਜਾਣ ਤੋਂ ਬਾਅਦ ਹਲਕੇ ਅੰਦਰ ਸੜਕਾਂ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ | ਜਿਸ ਨੂੰ ਲੈ ਕੇ ਲੋਕਾਂ ਵਿਚ ਭਾਰੀ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ | ਇਹ ਪ੍ਰਗਟਾਵਾ ਕਰਦਿਆਂ ਬਲਾਕ ਸੰਮਤੀ ਮੈਂਬਰ ਸੰਤੋਸ਼ ਚੌਧਰੀ ਨੇ ਕਿਹਾ ਕਿ ਵਿਧਾਇਕਾ ਅਰੁਣਾ ਚੌਧਰੀ ਹਮੇਸ਼ਾ ਹਲਕੇ ਦੇ ਵਿਕਾਸ ਦੀ ਗੱਲ ਕਰਦੇ ਹਨ | ਪੰਜਾਬ 'ਚ ਵਿਰੋਧੀ ਧਿਰ ਦੀ ਸਰਕਾਰ ਹੋਣ ਕਰਕੇ ਹਲਕੇ ਵਿਚ ਸੜਕਾਂ ਦਾ ਨਵਨਿਰਮਾਣ ਨਹੀਂ ਹੋ ਪਾ ਰਿਹਾ ਸੀ, ਜਿਸ ਕਰਕੇ ਹਲਕੇ ਦੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ | ਲੋਕ ਆਏ ਦਿਨ ਸੜਕ ਦੁਰਘਟਨਾਵਾਂ ਦਾ ਸ਼ਿਕਾਰ ਹੋ ਰਹੇ ਸਨ | ਇਹ ਸਭ ਦੇਖਦੇ ਹੋਏ ਵਿਧਾਇਕਾ ਅਰੁਣਾ ਚੌਧਰੀ ਵਲੋਂ ਇਹ ਮੁੱਦਾ ਜ਼ੋਰ-ਸ਼ੋਰ ਨਾਲ ਵਿਧਾਨ ਸਭਾ 'ਚ ਚੁੱਕਿਆ ਗਿਆ ਅਤੇ ਉਨ੍ਹਾਂ ਦੇ ਯਤਨਾਂ ਨੂੰ ਉਸ ਸਮੇਂ ਬੂਰ ਪੈਂਦਾ ਦਿਖਾਈ ਦਿੱਤਾ, ਜਦੋਂ ਸਰਕਾਰ ਵਲੋਂ ਹਲਕੇ 'ਚ ਟੁੱਟੀਆਂ ਸੜਕਾਂ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਕਰਵਾ ਦਿੱਤਾ | ਸੰਮਤੀ ਮੈਂਬਰ ਚੌਧਰੀ ਨੇ ਕਿਹਾ ਕਿ ਵਿਧਾਇਕਾ ਅਰੁਣਾ ਚੌਧਰੀ ਵਲੋਂ ਹਲਕੇ ਵਿਚ ਕਰਵਾਏ ਵਿਕਾਸ ਕੰਮ ਇਕ ਵੱਡੀ ਮਿਸਾਲ ਹਨ, ਜਿਸ ਨੰੂ ਦੇਖਦੇ ਹੋਏ ਲੋਕ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਕਮਾਨ ਵਿਧਾਇਕਾ ਅਰੁਣਾ ਚੌਧਰੀ ਦੇ ਹੱਥ ਵਿਚ ਹੀ ਦੇਣਗੇ |