ਬਹਿਰਾਮਪੁਰ, 21 ਫਰਵਰੀ (ਪ੍ਰੋ: ਬਲਬੀਰ ਸਿੰਘ ਕੋਲਾ)-ਸਥਾਨਕ ਕਸਬਾ ਬਹਿਰਾਮਪੁਰ ਵਿਖੇ ਬੱਸ ਅੱਡੇ ਦੀ ਸਹੂਲਤ ਨਾ ਹੋਣ ਕਾਰਨ ਪੈਦਾ ਹੋ ਰਹੀਆਂ ਸਮੱਸਿਆਵਾਂ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਰਹੀਆਂ ਹਨ | ਵਰਨਣਯੋਗ ਹੈ ਕਿ ਕਸਬਾ ਬਹਿਰਾਮਪੁਰ ਆਲੇ ਦੁਆਲੇ ਦੇ ਪਿੰਡਾਂ ਦਾ ਕੇਂਦਰ ਹੈ | ਇਸ ਕਸਬੇ ਤੋਂ ਗੁਰਦਾਸਪੁਰ, ਗਾਹਲੜੀ, ਝਬਕਰਾ, ਦੀਨਾਨਗਰ ਤੇ ਮਰਾੜਾ ਨੂੰ ਬੱਸਾਂ ਚੱਲਦੀਆਂ ਹਨ | ਪਰ ਬੱਸ ਅੱਡੇ ਨਾ ਹੋਣ ਕਾਰਨ ਬੱਸਾਂ ਵੱਖ-ਵੱਖ ਸੜਕਾਂ 'ਤੇ ਖੜ੍ਹੀਆਂ ਹੁੰਦੀਆਂ ਹਨ, ਜਿਸ ਕਾਰਨ ਟ੍ਰੈਫ਼ਿਕ ਦੀ ਸਮੱਸਿਆ ਪੈਦਾ ਹੁੰਦੀ ਹੈ, ਉਥੇ ਸਵਾਰੀਆਂ ਨੂੰ ਵੀ ਪ੍ਰੇਸ਼ਾਨੀ ਪੇਸ਼ ਆਉਂਦੀ ਹੈ | ਕੋਈ ਸ਼ੈੱਡ ਦੀ ਸਹੂਲਤ ਨਾ ਹੋਣ ਕਾਰਨ ਸਵਾਰੀਆਂ ਨੰੂ ਸੜਕਾਂ 'ਤੇ ਖੜ੍ਹੇ ਹੋ ਕੇ ਧੁੱਪ, ਮੀਂਹ ਤੇ ਠੰਢ ਵਿਚ ਬੱਸ ਦੀ ਉਡੀਕ ਕਰਨੀ ਪੈਂਦੀ ਹੈ | ਹੋਰ ਤੇ ਹੋਰ ਪਖਾਨੇ ਦਾ ਵੀ ਪ੍ਰਬੰਧ ਨਾ ਹੋਣ ਕਾਰਨ ਮਹਿਲਾਵਾਂ ਨੂੰ ਪ੍ਰੇਸ਼ਾਨੀ ਪੇਸ਼ ਆਉਂਦੀ ਹੈ | ਦੂਜੇ ਪਾਸੇ ਸੜਕਾਂ 'ਤੇ ਦੁਕਾਨਾਂ ਦੇ ਅੱਗੇ ਬੱਸਾਂ ਖੜ੍ਹੀਆਂ ਹੋਣ ਕਾਰਨ ਦੁਕਾਨਦਾਰਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਲੋਕਾਂ ਦੀ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਕਸਬਾ ਬਹਿਰਾਮਪੁਰ ਵਿਖੇ ਬੱਸ ਅੱਡਾ ਬਣਾਇਆ ਜਾਵੇ |