ਬਟਾਲਾ, 21 ਫਰਵਰੀ (ਸਤਿੰਦਰ ਸਿੰਘ)-ਬਟਾਲਾ ਦੇ ਵਿਦਿਆਰਥੀਆਂ ਲਈ ਇਕ ਮਹੱਤਵਪੂਰਨ ਅਕਾਦਮਿਕ ਪਹਿਲ ਕਰਦਿਆਂ ਵੁੱਡਸਟਾਕ ਪਬਲਿਕ ਸੂਕਲ ਨੇ 11ਵੀਂ ਕਲਾਸ ਲਈ 'ਨੀਟ' ਇੰਟੀਗ੍ਰੇਟਡ ਪ੍ਰੋਗਰਾਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ | ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਪ੍ਰੋਗਰਾਮ ਉਨ੍ਹਾਂ ਵਿਦਿਆਰਥੀਆਂ ਲਈ ਖ਼ਾਸ ਤੌਰ 'ਤੇ ਤਿਆਰ ਕੀਤਾ ਗਿਆ ਹੈ, ਜੋ 12ਵੀਂ ਤੋਂ ਬਾਅਦ ਮੈਡੀਕਲ ਪ੍ਰਵੇਸ਼ ਪ੍ਰੀਖਿਆ (ਨੀਟ) ਵਿਚ ਸਫ਼ਲਤਾ ਹਾਸਲ ਕਰਨਾ ਚਾਹੁੰਦੇ ਹਨ | ਇਸ ਪ੍ਰੋਗਰਾਮ ਲਈ ਸਕੂਲ ਨੇ ਪ੍ਰਸਿੱਧ ਡੋਪਾ ਕਲੀਕਟ ਨਾਲ ਅਕਾਦਮਿਕ ਸਹਿਯੋਗ ਸਥਾਪਿਤ ਕੀਤਾ ਹੈ, ਜੋ ਕਈ ਸਾਲਾਂ ਤੋਂ ਨੀਟ ਪ੍ਰਵੇਸ਼ ਪ੍ਰੀਖਿਆ ਲਈ ਵਿਦਿਆਰਥੀਆਂ ਨੂੰ ਤਿਆਰ ਕਰਦਾ ਆ ਰਿਹਾ ਹੈ ਅਤੇ ਰਾਸ਼ਟਰੀ ਪੱਧਰ 'ਤੇ ਉੱਚ ਰੈਂਕ ਪ੍ਰਦਾਨ ਕਰਨ ਲਈ ਜਾਣਿਆ ਜਾਂਦਾ ਹੈ | ਇਸ ਸਾਂਝੇਦਾਰੀ ਰਾਹੀਂ ਵਿਦਿਆਰਥੀਆਂ ਨੂੰ ਮਿਆਰੀ ਸਟੱਡੀ ਸਮੱਗਰੀ, 2 ਸਾਲਾਂ ਦੀ ਯੋਜਨਾਬੱਧ ਅਕਾਦਮਿਕ ਰਣਨੀਤੀ ਅਤੇ ਨਿਯਮਤ ਕਾਬਲੀਅਤ ਟੈਸਟਿੰਗ ਪ੍ਰਣਾਲੀ ਪ੍ਰਦਾਨ ਕੀਤੀ ਜਾਵੇਗੀ | ਇਹ ਇੰਟੀਗ੍ਰੇਟਡ ਮਾਡਲ ਵਿਦਿਆਰਥੀਆਂ ਨੂੰ ਸੀ.ਬੀ.ਐੱਸ.ਈ. ਦੇ ਨਿਯਮਤ ਪਾਠਕ੍ਰਮ ਦੇ ਨਾਲ-ਨਾਲ 'ਨੀਟ' ਦੀ ਵਿਵਸਥਿਤ ਅਤੇ ਅਨੁਸ਼ਾਸਿਤ ਤਿਆਰੀ ਇਕੋ ਕੈਂਪਸ ਵਿਚ ਮੁਹੱਈਆ ਕਰੇਗਾ, ਜਿਸ ਨਾਲ ਵੱਡੇ ਸ਼ਹਿਰਾਂ ਵਿਚ ਕੋਚਿੰਗ ਦੀ ਲੋੜ ਘੱਟ ਹੋਵੇਗੀ | ਸਕੂਲ ਦੇ ਚੇਅਰਮੈਨ ਡਾਕਟਰ ਸਤਨਾਮ ਸਿੰਘ ਨਿੱਜਰ ਨੇ ਕਿਹਾ ਕਿ ਸਾਡਾ ਮਕਸਦ ਬਟਾਲਾ ਦੇ ਬੱਚਿਆਂ ਨੂੰ ਉਹੀ ਗੁਣਵੱਤਾ ਤੇ ਮੁਕਾਬਲਾਤੀ ਤਿਆਰੀ ਦੇਣਾ ਹੈ, ਜੋ ਆਮ ਤੌਰ 'ਤੇ ਵੱਡੇ ਸ਼ਹਿਰਾਂ ਵਿਚ ਮਿਲਦੀ ਹੈ | ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਆਉਣ ਵਾਲੇ ਸਾਲਾਂ ਵਿਚ ਨੀਟ ਦੇ ਟਾਪਰ ਬਟਾਲਾ ਤੋਂ ਵੀ ਨਿਕਲਣ | ਸਕੂਲ ਦੀ ਚੇਅਰਪਰਸਨ ਡਾਕਟਰ ਸਤਿੰਦਰਜੀਤ ਕੌਰ ਨਿੱਜਰ ਅਤੇ ਪਿ੍ੰਸੀਪਲ ਡਾਕਟਰ ਐੱਨਸੀ ਨੇ ਵੀ ਇਸ ਪਹੁੰਚ ਨੂੰ ਬਟਾਲਾ ਦੇ ਵਿਦਿਆਰਥੀਆਂ ਲਈ ਇਕ ਮੀਲ ਪੱਥਰ ਕਰਾਰ ਦਿੱਤਾ ਹੈ | ਉਨ੍ਹਾਂ ਕਿਹਾ ਕਿ 11ਵੀਂ ਕਲਾਸ ਵਿਚ ਦਾਖ਼ਲਾ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਅਤੇ ਸੀਮਿਤ ਸੀਟਾਂ ਹੋਣ ਕਰ ਕੇ ਮਾਪਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਜਲਦੀ ਸਕੂਲ ਨਾਲ ਸੰਪਰਕ ਕਰਨ |