ਦੀਨਾਨਗਰ, 22 ਫਰਵਰੀ (ਸੋਢੀ/ਸ਼ਰਮਾ)-ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਦਾ ਸਲਾਨਾ ਖੇਡ ਉਤਸਵ ਕਾਲਜ ਦੀ ਪਿ੍ੰਸੀਪਲ ਡਾ: ਸਰਲਾ ਨਿਰੰਕਾਰੀ ਦੀ ਪ੍ਰਧਾਨਗੀ ਤੇ ਸਰੀਰਕ ਸਿੱਖਿਆ ਵਿਭਾਗ ਦੀ ਮੁਖੀ ਪ੍ਰੋ: ਤਲਜਿੰਦਰ ਕੌਰ ਦੀ ਅਗਵਾਈ ਹੇਠ ਕਰਵਾਇਆ ਗਿਆ | ਸਮਾਗਮ 'ਚ ਕਮਾਡੈਂਟ ਐਡਹਾਕ ਪੀ-ਬਟਾਲੀਅਨ ਬੀ.ਐਸ.ਐਫ, ਮਾਧੋਪੁਰ ਸਾਨੀ ਅਲੋਕ ਟਿਗਾ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਾਮਿਲ ਹੋਏ | ਜਦੋਂ ਕਿ ਕੈਪਟਨ ਰਿਤਿਕਾ ਖਰੇਟਾ, ਕਾਲਜ ਦੇ ਸਕੱਤਰ ਧਰਮ ਇੰਦੂ ਗੁਪਤਾ, ਨਮਿਤਾ ਗੁਪਤਾ, ਅਨਿਲ ਗੁਪਤਾ, ਅੰਤਰਰਾਸ਼ਟਰੀ ਚੈਂਪੀਅਨ (ਜੂਡੋ) ਰਿਤਿਕ ਕੁਮਾਰ, ਸੂਫ਼ੀ ਗਾਇਕ ਯਾਕੂਬ ਤੇ ਅਭਿਸ਼ੇਕ ਰਾਜਪੂਤ ਸਿੰਘ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਸ਼ਾਮਲ ਹੋਏ | ਪਿ੍ੰਸੀਪਲ ਡਾ: ਸਰਲਾ ਨਿਰੰਕਾਰੀ ਨੇ ਆਏ ਮਹਿਮਾਨਾਂ ਦਾ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਸਵਾਗਤ ਕੀਤਾ | ਸਮਾਗਮ ਦਾ ਉਦਘਾਟਨ ਮਹਿਮਾਨਾਂ ਵਲੋਂ ਝੰਡਾ ਲਹਿਰਾਉਣ ਤੋਂ ਬਾਅਦ ਅਤੇ ਅਸਮਾਨ 'ਚ ਗ਼ੁਬਾਰੇ ਛੱਡ ਕੇ ਕੀਤਾ | ਪਿ੍ੰਸੀਪਲ ਡਾ: ਸਰਲਾ ਨਿਰੰਕਾਰੀ ਨੇ ਸਵਾਗਤੀ ਭਾਸ਼ਣ ਵਿਚ ਕਿਹਾ ਕਿ ਖੇਡਾਂ ਇਕ ਸ਼ਾਨਦਾਰ ਸੰਕਲਪ ਹੈ ਜੋ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਂਦੀਆਂ ਹਨ | ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿਚ ਬਰਾਬਰ ਹਿੱਸਾ ਲੈਣਾ ਚਾਹੀਦਾ ਹੈ | ਮੁੱਖ ਮਹਿਮਾਨ ਸਾਨੀ ਆਲੋਕ ਟਿਗਾ ਨੇ ਕਿਹਾ ਕਿ ਖੇਡਾਂ ਸਾਨੂੰ ਜਿੱਤਣ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਸਿਖਾਉਂਦੀਆਂ ਹਨ, ਜਿਵੇਂ ਕਿ ਟੀਮ ਭਾਵਨਾ ਅਤੇ ਟੀਚਿਆਂ ਨੂੰ ਪ੍ਰਾਪਤ ਕਰਨਾ | ਸਟੇਜ ਸਕੱਤਰ ਦੀ ਭੂਮਿਕਾ ਡਾ: ਨੀਨੂ ਸ਼ਰਮਾ, ਪੂਨਮ ਮਹਾਜਨ ਅਤੇ ਰਮਾ ਕਪੂਰ ਨੇ ਨਿਭਾਈ | ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ: ਤਲਜਿੰਦਰ ਕੌਰ ਤੇ ਕੋਚ ਆਰਤੀ ਨੂੰ ਪਿ੍ੰਸੀਪਲ ਮੈਡਮ ਤੇ ਮੁੱਖ ਮਹਿਮਾਨਾਂ ਨੇ ਸ਼ਲਾਘਾਯੋਗ ਯਤਨਾਂ ਲਈ ਸਨਮਾਨਿਤ ਕੀਤਾ |