ਬਟਾਲਾ, 23 ਫਰਵਰੀ (ਸਤਿੰਦਰ ਸਿੰਘ)-ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਮੈਂਬਰ ਪਾਰਲੀਮੈਂਟ ਸ੍ਰੀ ਖਡੂਰ ਸਾਹਿਬ ਵਲੋਂ ਸ਼ੁਰੂ ਕੀਤੀ ਖ਼ਾਲਸਾ ਵਹੀਰ ਨੂੰ ਅਕਾਲੀ ਦਲ 'ਵਾਰਿਸ ਪੰਜਾਬ ਦੇ' ਪਾਰਟੀ 25-26 ਫਰਵਰੀ ਨੂੰ ਮੁੜ ਕੱਢਣ ਜਾ ਰਹੀ ਹੈ | ਇਹ ਖ਼ਾਲਸਾ ਵਹੀਰ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮਿ੍ਤਸਰ ਤੋਂ ਸ਼ੁਰੂ ਹੋ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਬਠਿੰਡਾ ਤੱਕ ਜਾਵੇਗੀ | ਇਹ ਖ਼ਾਲਸਾ ਵਹੀਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ ਚੱਲੇਗੀ | ਖ਼ਾਲਸਾ ਵਹੀਰ ਸਬੰਧੀ ਜਾਣਕਾਰੀ ਦਿੰਦਿਆਂ ਪਿ੍ਥੀਪਾਲ ਸਿੰਘ ਬਟਾਲਾ ਮੈਂਬਰ ਕੋਰ ਕਮੇਟੀ, ਜੁਗਰਾਜ ਸਿੰਘ ਲਾਲੇਨੰਗਲ ਹਲਕਾ ਇੰਚਾਰਜ ਫ਼ਤਹਿਗੜ੍ਹ ਚੂੜੀਆਂ ਤੇ ਸੁਖਦੇਵ ਸਿੰਘ ਸੰਧੂ ਠੱਕਰਸੰਧੂ ਬੁਲਾਰੇ ਨੇ ਦੱਸਿਆ ਕਿ ਖ਼ਾਲਸਾ ਵਹੀਰ ਪ੍ਰਤੀ ਨੌਜਵਾਨਾਂ 'ਚ ਭਾਰੀ ਉਤਸ਼ਾਹ ਹੈ | ਹਜ਼ਾਰਾਂ ਦੀ ਗਿਣਤੀ 'ਚ ਸੰਗਤ ਗੱਡੀਆਂ ਲੈ ਕੇ ਵਹੀਰ ਵਿਚ ਸ਼ਾਮਿਲ ਹੋਵੇਗੀ | ਜ਼ਿਲ੍ਹਾ ਗੁਰਦਾਸਪੁਰ 'ਚ ਲੋਕਾਂ ਵਿਚ ਖ਼ਾਲਸਾ ਵਹੀਰ ਨੂੰ ਲੈ ਕੇ ਭਾਰੀ ਜੋਸ਼ ਤੇ ਉਤਸ਼ਾਹ ਹੈ | ਸੈਂਕੜੇ ਕਾਰਾਂ, ਜੀਪਾਂ, ਟਰਾਲੀਆਂ ਰਾਹੀਂ ਲੋਕ ਖ਼ਾਲਸਾ ਵਹੀਰ ਵਿਚ ਸ਼ਾਮਿਲ ਹੋਣਗੇ | ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਪ੍ਰਤੀ ਅਥਾਹ ਪਿਆਰ ਤੇ ਸਤਿਕਾਰ ਹੈ | ਪਿ੍ਥੀਪਾਲ ਸਿੰਘ ਬਟਾਲਾ ਨੇ ਕਿਹਾ ਕਿ ਪੰਜਾਬ, ਪੰਜਾਬੀਅਤ ਤੇ ਪੰਥ ਨੂੰ ਬਚਾਉਣ ਲਈ ਭਾਈ ਅੰਮਿ੍ਤਪਾਲ ਸਿੰਘ ਦੀ ਅਗਵਾਈ 'ਚ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਨਾਲ ਜੁੜਨਾ ਬਹੁਤ ਹੀ ਜ਼ਰੂਰੀ ਹੈ | ਉਨ੍ਹਾਂ ਸਿੱਖਾਂ, ਪੰਜਾਬੀਆਂ ਤੇ ਨੌਜਵਾਨਾਂ ਦਾ ਬਿਹਤਰ ਭਵਿੱਖ ਬਣਾਉਣ ਲਈ ਭਾਈ ਅੰਮਿ੍ਤਪਾਲ ਸਿੰਘ ਖਾਲਸਾ ਦੀ ਸ਼ੁਰੂ ਕੀਤੀ ਖਾਲਸਾ ਵਹੀਰ ਵਿਚ ਵੱਡੇ ਪੱਧਰ 'ਤੇ ਸ਼ਾਮਲ ਹੋਣ ਦੀ ਅਪੀਲ ਕੀਤੀ | ਉਨ੍ਹਾਂ ਦੱਸਿਆ ਕਿ ਖਾਲਸਾ ਵਹੀਰ ਦੇ ਸਾਰੇ ਪ੍ਰਬੰਧਾਂ ਦੀ ਦੇਖ-ਰੇਖ ਤਰਸੇਮ ਸਿੰਘ ਖਾਲਸਾ, ਭਾਈ ਸਰਬਜੀਤ ਸਿੰਘ ਖਾਲਸਾ ਲੋਕ ਸਭਾ ਮੈਂਬਰ, ਅਮਰਜੀਤ ਸਿੰਘ ਵਿਨਝੜੀ, ਸੁਰਜੀਤ ਸਿੰਘ ਖਾਲਸਾ, ਭਾਈ ਹਰਭਜਨ ਸਿੰਘ ਤੁੜ ਅਧਾਰਿਤ ਪੰਚ ਪ੍ਰਧਾਨੀ ਦੀ ਨਿਗਰਾਨੀ ਵਿਚ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਅਹੁਦੇਦਾਰਾਂ ਅਤੇ ਸੇਵਾਦਾਰਾਂ ਵਲੋਂ ਕੀਤੀ ਜਾ ਰਹੀ ਹੈ |