ਪਠਾਨਕੋਟ, 24 ਫਰਵਰੀ (ਸੁਮਿਤ ਸ਼ਰਮਾ)-ਲੰਬੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਪਠਾਨਕੋਟ ਤੋਂ ਜੋਗਿੰਦਰ ਨਗਰ ਜਾਣ ਵਾਲੀ ਇਤਿਹਾਸਕ ਨੈਰੋਗੇਜ ਰੇਲ ਗੱਡੀ (ਕਾਂਗੜਾ ਵੈਲੀ ਰੇਲਵੇ) ਦੀ ਪਹਿਲੀ ਰਵਾਨਗੀ ਬੜੀ ਧੂਮਧਾਮ ਨਾਲ ਹੋਈ | ਰੇਲਵੇ ਸਟੇਸ਼ਨ 'ਤੇ ਸਵੇਰ ਤੋਂ ਹੀ ਯਾਤਰੀਆਂ ਤੇ ਰੇਲ ਪ੍ਰੇਮੀਆਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ | ਗੱਡੀ ਦੇ ਰਵਾਨਾ ਹੋਣ ਸਮੇਂ ਰੇਲਵੇ ਅਧਿਕਾਰੀਆਂ ਤੇ ਸਥਾਨਕ ਲੋਕਾਂ ਨੇ ਹਰੀ ਝੰਡੀ ਦਿਖਾ ਕੇ ਇਸ ਨੂੰ ਵਿਦਾ ਕੀਤਾ | ਕਈ ਯਾਤਰੀਆਂ ਨੇ ਇਸ ਨੂੰ ਖੇਤਰ ਦੇ ਸੈਰ-ਸਪਾਟੇ ਲਈ ਇਕ ਵੱਡਾ ਮੀਲ ਪੱਥਰ ਦੱਸਿਆ | ਰੇਲ ਗੱਡੀ ਦੀ ਰਵਾਨਗੀ ਤੋਂ ਪਹਿਲਾਂ ਰੇਲਵੇ ਫਾਟਕਾਂ 'ਤੇ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ, ਤਾਂ ਜੋ ਰੇਲ ਗੱਡੀ ਦੇ ਲੰਘਣ ਸਮੇਂ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ | ਇਹ ਰੇਲ ਗੱਡੀ ਆਪਣੀ ਸੁੰਦਰ ਪਹਾੜੀ ਵਾਦੀਆਂ ਤੇ ਮਨਮੋਹਕ ਦਿ੍ਸ਼ਾਂ ਲਈ ਜਾਣੀ ਜਾਂਦੀ ਹੈ | ਜਿਸ ਦਾ ਅਨੰਦ ਲੈਣ ਲਈ ਪਹਿਲੇ ਦਿਨ ਹੀ ਵੱਡੀ ਗਿਣਤੀ ਵਿਚ ਸੈਲਾਨੀ ਸਵਾਰ ਹੋਏ | ਰੇਲ ਸੇਵਾ ਮੁੜ ਸ਼ੁਰੂ ਹੋਣ ਨਾਲ ਸਥਾਨਕ ਵਪਾਰੀਆਂ ਤੇ ਰੋਜ਼ਾਨਾ ਸਫ਼ਰ ਕਰਨ ਵਾਲੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ | ਲੋਕਾਂ ਦਾ ਕਹਿਣਾ ਹੈ ਕਿ ਇਸ ਨਾਲ ਨਾ ਸਿਰਫ਼ ਆਉਣ-ਜਾਣ ਵਿਚ ਸੌਖ ਹੋਵੇਗੀ, ਸਗੋਂ ਹਿਮਾਚਲ ਤੇ ਪੰਜਾਬ ਦੇ ਸਰਹੱਦੀ ਖੇਤਰਾਂ ਵਿਚ ਕਾਰੋਬਾਰ ਨੂੰ ਵੀ ਹੁਲਾਰਾ ਮਿਲੇਗਾ | ਰੇਲਵੇ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ 'ਚ ਫੇਰਿਆਂ ਦੀ ਗਿਣਤੀ ਵਧਾਉਣ 'ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ |