ਫਤਹਿਗੜ੍ਹ ਚੂੜੀਆਂ, 26 ਫਰਵਰੀ (ਅਵਤਾਰ ਸਿੰਘ ਰੰਧਾਵਾ)-ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ, ਜਦੋਂ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਦੀ ਅਗਵਾਈ ਵਿਚ ਸਰਪੰਚ ਪੀ.ਏ. ਕਰਮਜੀਤ ਸਿੰਘ ਬਰਾੜ ਦੇ ਯਤਨਾਂ ਸਦਕਾ ਕਰੀਬ 45 ਪਰਿਵਾਰ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ | ਸ਼ਾਮਿਲ ਹੋਏ ਪਰਿਵਾਰਾਂ ਦਾ ਸਵਾਗਤ ਕਰਦੇ ਹੋਏ ਬਲਬੀਰ ਸਿੰਘ ਪੰਨੂੰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਲਈ ਲਏ ਗਏ ਇਤਿਹਾਸਕ ਫੈਸਲਿਆਂ ਤੋਂ ਖੁਸ਼ ਹੁੰਦੇ ਹੋਏ ਲੋਕ ਆਮ ਆਦਮੀ ਪਾਰਟੀ ਵਿਚ ਕਤਾਰਾਂ ਬੰਨ ਕੇ ਸ਼ਿਰਕਤ ਕਰ ਰਹੇ ਹਨ | ਉਨ੍ਹਾਂ ਕਿਹਾ ਕਿ 2027 ਮਿਸ਼ਨ ਨੂੰ ਸਰ ਕਰਨ ਲਈ ਪਾਰਟੀ ਨੂੰ ਚੁਫੇਰਿਓ ਵੱਡੀ ਸ਼ਕਤੀ ਮਿਲ ਰਹੀ ਹੈ | ਇਸ ਮੌਕੇ ਸ਼ਾਮਿਲ ਹੋਏ ਪਰਿਵਾਰਾਂ ਨੇ ਕਿਹਾ ਕਿ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਨੇ ਸ਼ੁਰੂ ਤੋਂ ਲੈ ਕੇ ਹੁਣ ਪਾਰਟੀ ਅੰਦਰ ਅਥਾਹ ਮਿਹਨਤ ਕੀਤੀ ਹੈ ਤੇ ਹਲਕੇ ਵਿਚ ਬਿਨਾਂ ਕਿਸੇ ਭੇਦਭਾਵ ਦੇ ਅਮਨ-ਸ਼ਾਂਤੀ ਅਤੇ ਵਿਕਾਸ ਕਾਰਜ ਕਰਵਾਏ ਹਨ | ਇਸ ਮੌਕੇ ਬਲਾਕ ਪ੍ਰਧਾਨ ਸ਼ਮਸੇਰ ਸਿੰਘ ਸ਼ੇਰਾ ਫੌਜੀ, ਰਘਬੀਰ ਸਿੰਘ ਅਠਵਾਲ, ਹਰਦੀਪ ਸਿੰਘ, ਮਲਜਿੰਦਰ ਸਿੰਘ, ਪਰਮਜੀਤ ਕੌਰ ਆਦਿ ਹਾਜ਼ਰ ਸਨ |