ਕਾਦੀਆਂ, 26 ਫਰਵਰੀ (ਕੁਲਵਿੰਦਰ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮਿ੍ਤਸਰ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਕਾਲਜ ਵਿਦਿਆਰਥੀਆਂ ਲਈ ਸਾਲਾਨਾ ਪ੍ਰੀਖਿਆ (ਦਰਜਾ ਤੀਜਾ) 'ਚੋਂ ਸਿੱਖ ਨੈਸ਼ਨਲ ਕਾਲਜ ਕਾਦੀਆਂ ਦੀਆਂ ਚਾਰ ਵਿਦਿਆਰਥਣਾਂ ਨੂੰ ਅੱਵਲ ਰਹਿਣ 'ਤੇ 3100-3100 ਰੁਪਏ ਦੇ ਇਨਾਮ ਵਜੋਂ ਨਗਦ ਵਜੀਫੇ ਦੇ ਕੇ ਸਨਮਾਨਿਤ ਕੀਤਾ ਗਿਆ ਹੈ | ਵਿਸ਼ੇਸ਼ ਤੌਰ 'ਤੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਗੁਰਨਾਮ ਸਿੰਘ ਜੱਸਲ ਅਤੇ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੇ ਪ੍ਰਚਾਰਕ ਕਾਲਜ ਕੈਂਪਸ ਵਿਚ ਇਨਾਮ ਦੇਣ ਲਈ ਪੁੱਜੇ | ਕਾਲਜ ਪਿ੍ੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਤੇ ਧਾਰਮਿਕ ਪ੍ਰੀਖਿਆ ਕਾਲਜ ਇੰਚਾਰਜ ਪ੍ਰੋ. ਕੁਲਵਿੰਦਰ ਸਿੰਘ ਭਾਟੀਆ ਵਲੋਂ ਜਥੇਦਾਰ ਗੁਰਨਾਮ ਸਿੰਘ ਜੱਸਲ ਤੇ ਉਨ੍ਹਾਂ ਨਾਲ ਪੁੱਜੀਆਂ ਸ਼ਖ਼ਸੀਅਤਾਂ ਦਾ ਨਿੱਘਾ ਸਵਾਗਤ ਕੀਤਾ | ਜਥੇਦਾਰ ਗੁਰਨਾਮ ਸਿੰਘ ਜੱਸਲ ਦੇ ਨਾਲ ਜਤਿੰਦਰਪਾਲ ਸਿੰਘ ਵਿੱਕੀ, ਭਾਈ ਪੰਥਜੀਤ ਸਿੰਘ ਪ੍ਰਚਾਰਕ, ਭਾਈ ਗੁਰਿੰਦਰ ਸਿੰਘ ਪ੍ਰਚਾਰਕ, ਭਾਈ ਮੋਹਨ ਸਿੰਘ ਬੁੱਢਾਕੋਟ, ਭਾਈ ਬਲਕਾਰ ਸਿੰਘ, ਭਾਈ ਤਰਸੇਮ ਸਿੰਘ ਸੇਖਵਾਂ, ਭਾਈ ਗੁਰਦੇਵ ਸਿੰਘ ਲੱਧਾ ਮੁੰਡਾ ਹਾਜ਼ਰ ਸਨ | ਪਿ੍ੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਤੇ ਇੰਚਾਰਜ ਪ੍ਰੋ. ਕੁਲਵਿੰਦਰ ਸਿੰਘ ਭਾਟੀਆ ਨੇ ਦੱਸਿਆ ਕਿ ਇਨ੍ਹਾਂ ਚਾਰ ਵਿਦਿਆਰਥਣਾਂ 'ਚ ਸਿਮਰਨਜੀਤ ਕੌਰ (ਬੀ.ਐੱਸ.ਸੀ. ਕੰਪਿਊਟਰ ਸਾਇੰਸ), ਮਨਮੀਤ ਕੌਰ (ਬੀ.ਐੱਸ.ਸੀ. ਨਾਨ-ਮੈਡੀਕਲ), ਸੁਖਮਨਪ੍ਰੀਤ ਕੌਰ (ਬੀ.ਐਸ.ਸੀ ਨਾਨ-ਮੈਡੀਕਲ), ਜਗਜੀਤ ਕੌਰ (ਬੀ.ਏ.) ਸ਼ਾਮਿਲ ਹਨ, ਜਿਨ੍ਹਾਂ ਵਲੋਂ ਅੱਵਲ ਰਹਿ ਕੇ ਨਗਦ ਵਜ਼ੀਫਾ ਹਾਸਲ ਕੀਤਾ ਗਿਆ ਹੈ | ਵਿਦਿਆਰਥਣਾਂ ਦੀ ਇਸ ਪ੍ਰਾਪਤੀ 'ਤੇ ਸਥਾਨਕ ਪ੍ਰਬੰਧਕ ਕਮੇਟੀ ਦੇ ਸਕੱਤਰ ਕਸ਼ਮੀਰ ਸਿੰਘ ਬੋਪਾਰਾਏ ਤੇ ਮੈਂਬਰਾਂ ਵਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਹੈ ਅਤੇ ਵਜੀਫਾ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਮੁਬਾਰਕਬਾਦ ਭੇਟ ਕੀਤੀ ਹੈ |