ਗੁਰਦਾਸਪੁਰ, 26 ਫਰਵਰੀ (ਚੱਕਰਾਜਾ)-ਫ਼ਰਦ ਕੇਂਦਰ ਕੰਪਿਊਟਰ ਆਪ੍ਰੇਟਰ ਐਸੋਸੀਏਸ਼ਨ ਦੇ ਸਮੂਹ ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਨੰੂ ਲੈ ਕੇ 5 ਮਾਰਚ ਤੋਂ 7 ਮਾਰਚ ਤੱਕ ਕਲਮ ਛੋੜ ਹੜਤਾਲ 'ਤੇ ਜਾਣ ਦਾ ਐਲਾਨ ਕੀਤਾ ਹੈ | ਇਸ ਸਬੰਧੀ ਗੁਰਦਾਸਪੁਰ ਦੇ ਫਰਦ ਕੇਂਦਰ ਦੇ ਕੰਪਿਊਟਰ ਆਪ੍ਰੇਟਰ ਐਸੋਸੀਏਸ਼ਨ ਵਲੋਂ ਵੀ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਪੰਜਾਬ ਦੇ ਸੂਬਾ ਪ੍ਰਧਾਨ ਰਮਨਦੀਪ ਸਿੰਘ ਵਲੋਂ ਜਾਰੀ ਬਿਆਨ 'ਚ ਕਿਹਾ ਕਿ ਫ਼ਰਦ ਕੇਂਦਰਾਂ 'ਚ ਲਗਭਗ 900 ਤੋਂ ਵੱਧ ਡਾਟਾ ਐਂਟਰੀ ਆਪ੍ਰੇਟਰ ਸਾਲ 2007 ਤੋਂ ਸੇਵਾਵਾਂ ਨਿਭਾਅ ਰਹੇ ਹਨ | ਉਨ੍ਹਾਂ ਕਿਹਾ ਕਿ ਜਮ੍ਹਾਬੰਦੀਆਂ, ਖ਼ਸਰਾ ਗਿਰਦਾਵਰੀ, ਇੰਤਕਾਲਾਂ, ਪੰਜਾਬ ਦੇ ਮਾਲ ਰਿਕਾਰਡ ਨੂੰ ਕੰਪਿਊਟਰਾਈਜ਼ਡ ਕਰਕੇ ਲੋਕਾਂ ਨੂੰ ਆਧੁਨਿਕ ਸੁਵਿਧਾਵਾਂ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਵਲੋਂ ਸੀ.ਐਮ.ਐਸ. ਕੰਪਿਊਟਰਜ਼ ਲਿਮ. ਕੰਪਨੀ ਨੂੰ ਟੈਂਡਰ ਦੇ ਕੇ ਭਰਤੀ ਕੀਤੀ ਗਈ ਸੀ ਤੇ ਕੰਪਨੀ ਵਲੋਂ ਹਰ ਸਾਲ ਤਨਖ਼ਾਹ ਵਿਚ ਵਾਧਾ ਕਰਨ ਦਾ ਵਾਅਦਾ ਕੀਤਾ ਸੀ | ਪਰ ਕੰਪਨੀ ਵਲੋਂ ਪਿਛਲੇ 7 ਸਾਲ ਤੋਂ ਤਨਖ਼ਾਹਾਂ 'ਚ ਕੋਈ ਵਾਧਾ ਨਹੀਂ ਕੀਤਾ, ਸਗੋਂ ਫ਼ਰਦ ਕੇਂਦਰ ਮੁਲਾਜ਼ਮਾਂ ਦਾ ਵਿੱਤੀ ਤੇ ਸਮਾਜਿਕ ਸ਼ੋਸ਼ਣ ਹੋ ਰਿਹਾ ਹੈ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਫਿਰ ਵੀ ਮੰਗਾਂ ਨਾ ਮੰਨੀਆਂ ਤਾਂ ਡੀ.ਐਲ.ਆਰ ਦਫ਼ਤਰ ਅੱਗੇ ਧਰਨਾ ਲਗਾਉਣ ਲਈ ਮਜ਼ਬੂਰ ਹੋਣਗੇ |