ਗੁਰਦਾਸਪੁਰ, 26 ਫਰਵਰੀ (ਅਸ਼ੋਕ ਸ਼ਰਮਾ)-ਭਾਰਤ ਸਰਕਾਰ ਦੇ ਰੇਲਵੇ ਮੰਤਰਾਲੇ ਵਲੋਂ ਰੇਲਵੇ ਸਟੇਸ਼ਨ ਨੰੂ ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਲਈ ਜੰਗੀ ਪੱਧਰ 'ਤੇ ਕੰਮ ਚੱਲ ਰਹੇ ਹਨ ਤੇ ਰੇਲਵੇ ਸਟੇਸ਼ਨ ਦੀ ਖ਼ੂਬਸੂਰਤੀ ਵਧਾਉਣ ਲਈ ਪਲੇਟਫ਼ਾਰਮ ਨੰੂ ਵੱਖਰੀ ਕਿਸਮ ਦੀ ਦਿੱਖ ਦਿੱਤੀ ਜਾ ਰਹੀ ਹੈ | ਇਸ ਕਾਰਜ ਦਾ ਉਦਘਾਟਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਆਨਲਾਈਨ ਕਰਵਾਇਆ ਗਿਆ ਸੀ | ਉਸ ਤੋਂ ਬਾਅਦ ਕੰਮ ਨੇ ਕਾਫ਼ੀ ਤੇਜ਼ੀ ਫੜੀ ਸੀ ਤੇ ਹੁਣ ਰੇਲਵੇ ਸਟੇਸ਼ਨ 'ਤੇ ਕਈ ਤਰ੍ਹਾਂ ਦੇ ਅਨਲੋਡਿੰਗ ਤਿੰਨ ਪਲੇਟਫ਼ਾਰਮ ਇਕ ਕਿੱਲੋਮੀਟਰ ਦੂਰੀ 'ਤੇ ਬਣਾਏ ਗਏ ਹਨ ਤੇ ਉੱਥੇ ਮਹਿਕਮੇ ਵਲੋਂ ਕੰਮ ਸ਼ੁਰੂ ਕਰਵਾ ਦਿੱਤਾ ਹੈ | ਇਸ ਸਬੰਧੀ ਰੇਲਵੇ ਸਟੇਸ਼ਨ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਐਗਜ਼ੀਕਿਊਟਿਵ ਲੋਂਜ, ਸਟੇਸ਼ਨ ਸੁਪਰਡੈਂਟ ਦਫ਼ਤਰ, ਪਲੇਟਫ਼ਾਰਮ, ਉਡੀਕ ਘਰ, ਆਰਾਮ-ਘਰ, ਵਾਤਾਅਨੁਕੂਲਿਤ ਉਡੀਕ ਘਰ ਤੇ ਪਖਾਨਿਆਂ ਦਾ ਕੰਮ ਮੁਕੰਮਲ ਹੋ ਚੁੱਕਾ ਹੈ, ਸਿਰਫ਼ ਆਰਾਮ-ਘਰ ਦਾ ਕੰਮ ਅਜੇ ਚੱਲ ਰਿਹਾ ਹੈ | ਉਨ੍ਹਾਂ ਦੱਸਿਆ ਕਿ ਰੇਲਵੇ ਸਟੇਸ਼ਨ 'ਤੇ ਰੇਲਵੇ ਲਾਈਨਾਂ ਵਧਾਈਆਂ ਜਾ ਰਹੀਆਂ ਹਨ, ਜਿਸ ਨਾਲ ਰੇਲਵੇ ਆਵਾਜਾਈ ਸੁਚਾਰੂ ਰੂਪ 'ਚ ਚੱਲ ਸਕੇ | ਬੇਟ ਇਲਾਕੇ ਦੇ ਪੰਚਾਂ, ਸਰਪੰਚਾਂ ਤੇ ਸਮਾਜ ਸੇਵੀ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਰੇਲਵੇ ਮੰਤਰਾਲੇ ਨੇ ਗੁਰਦਾਸਪੁਰ ਤੋਂ ਮੁਕੇਰੀਆਂ ਤੱਕ ਰੇਲਵੇ ਲਾਈਨ ਵਧਾਉਣ ਦੀ ਮਨਜ਼ੂਰੀ ਦਿੱਤੀ ਹੈ ਤੇ ਇਸ ਦੀ ਪੁਸ਼ਟੀ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਵੀ ਕਰ ਚੁੱਕੇ ਹਨ | ਉਨ੍ਹਾਂ ਦੱਸਿਆ ਕਿ ਰੇਲਵੇ ਲਾਈਨ ਦਾ ਕੰਮ ਅਜੇ ਤੱਕ ਠੰਢੇ ਬਸਤੇ ਵਿਚ ਪਿਆ ਹੈ ਤੇ ਇਸ ਦਾ ਸਰਵੇ ਵੀ ਅਜੇ ਤੱਕ ਸ਼ੁਰੂ ਨਹੀਂ ਹੋਇਆ | ਇਸ ਕਾਰਜ ਨੰੂ ਲੈ ਕੇ ਲੋਕ ਭੰਬਲਭੂਸੇ ਵਿਚ ਨਜ਼ਰ ਆ ਰਹੇ ਹਨ | ਉਨ੍ਹਾਂ ਦੱਸਿਆ ਕਿ ਰੇਲਵੇ ਸਟੇਸ਼ਨ 'ਤੇ ਹੌਲੀ ਰਫ਼ਤਾਰ ਨਾਲ ਕੰਮ ਚੱਲ ਰਹੇ ਹਨ | ਇਸ ਸਬੰਧੀ ਰੇਲਵੇ ਮੰਤਰਾਲੇ ਦੇ ਠੇਕੇਦਾਰ ਤੇ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਹੀ ਜਾਣਕਾਰੀ ਸਾਂਝੀ ਕਰਨ ਤੋਂ ਗੁਰੇਜ਼ ਕਰ ਰਹੇ ਸਨ | ਉਨ੍ਹਾਂ ਭਾਰਤ ਸਰਕਾਰ ਦੇ ਰੇਲਵੇ ਮੰਤਰਾਲੇ ਪਾਸੋਂ ਮੰਗ ਕੀਤੀ ਕਿ ਗੁਰਦਾਸਪੁਰ ਰੇਲਵੇ ਸਟੇਸ਼ਨ ਨੰੂ ਮੁਕੇਰੀਆਂ ਨਾਲ ਜੋੜਨ ਲਈ ਕੰਮ ਤੇਜ਼ ਰਫ਼ਤਾਰ ਨਾਲ ਸ਼ੁਰੂ ਕੀਤਾ ਜਾਵੇ, ਜਿਸ ਨਾਲ ਤਿੱਬੜੀ ਕੈਂਟ ਤੇ ਇਲਾਕੇ ਦੀ 50 ਸਾਲਾ ਤੋਂ ਲਟਕੀ ਮੰਗ ਪੂਰੀ ਹੋ ਸਕੇ |