ਪਠਾਨਕੋਟ, 8 ਮਾਰਚ (ਸੰਧੂ)- ਉੱਤਰੀ ਜ਼ੋਨ ਸੱਭਿਆਚਾਰਕ ਕੇਂਦਰ ਪਟਿਆਲਾ ਨੇ ਸਭਿਆਚਾਰ ਮੰਤਰਾਲੇ (ਭਾਰਤ ਸਰਕਾਰ) ਤੇ ਆਰੀਆ ਮਹਿਲਾ ਮਹਾਂਵਿਦਿਆਲਾ ਪਠਾਨਕੋਟ ਅਤੇ ਪੰਜਾਬੀ ਲੋਕ ਕਲਾ ਕੇਂਦਰ ਗੁਰਦਾਸਪੁਰ ਦੇ ਸਹਿਯੋਗ ਨਾਲ ਮੁਹੰਮਦ ਫੁਰਕਾਨ ਖ਼ਾਨ ਡਾਇਰੈਕਟਰ ਉੱਤਰੀ ਜ਼ੋਨ ਸੱਭਿਆਚਾਰਕ ਕੇਂਦਰ ਪਟਿਆਲਾ ਦੀ ਅਗਵਾਈ ਤੇ ਹਰਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਫਾਗੌਤਸਵ 2026-ਸੱਭਿਆਚਾਰਕ ਯਾਤਰਾ ਪ੍ਰੋਗਰਾਮ ਕਰਵਾਇਆ ਜਿਸ ਵਿਚ ਕਰਨਲ ਸੀਮਾ ਸਿੰਘ ਆਪਣੀ ਮਾਤਾ ਸੁਨੈਨਾ ਸਿੰਘ ਦੇ ਨਾਲ ਮੁੱਖ ਮਹਿਮਾਨ ਵਜੋਂ ਮੌਜੂਦ ਸਨ | ਜਦੋਂ ਕਿ ਡਿਪਟੀ ਡਾਇਰੈਕਟਰ ਜਰਨੈਲ ਸਿੰਘ, ਪੰਜਾਬੀ ਲੋਕ ਆਰਟ ਮੰਚ ਦੇ ਪ੍ਰਧਾਨ ਅਰਸ਼ਦੀਪ ਸਿੰਘ ਅਤੇ ਸਮੂਹ ਟੀਮ ਦੇ ਮੈਂਬਰ, ਆਰੀਆ ਮਹਿਲਾ ਮਹਾਂਵਿਦਿਆਲਾ ਪਠਾਨਕੋਟ ਦੀ ਪਿ੍ੰਸੀਪਲ, ਕਾਲਜ ਦੀ ਪ੍ਰਬੰਧਕੀ ਕਮੇਟੀ ਤੋਂ ਕਮਲਾ ਗੁਪਤਾ, ਅਪਰਨਾ ਕਾਲੜਾ, ਪ੍ਰਸ਼ਾਂਤ ਮਿੱਤਲ, ਆਰੀਆ ਸਕੂਲ ਪਠਾਨਕੋਟ ਦੀ ਪਿ੍ੰਸੀਪਲ ਮਧੂ ਸਲਾਰੀਆ ਵਿਸ਼ੇਸ਼ ਮਹਿਮਾਨਾਂ ਵਜੋਂ ਮੌਜੂਦ ਸਨ | ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਕਰਨਲ ਸੀਮਾ ਸਿੰਘ ਦੁਆਰਾ ਕੀਤੀ ਗਈ | ਉਪਰੰਤ ਆਰੀਆ ਮਹਿਲਾ ਮਹਾਂਵਿਦਿਆਲਿਆ ਦੀਆਂ ਵਿਦਿਆਰਥਣਾਂ ਦੁਆਰਾ ਸੰਗੀਤ ਵਿਭਾਗ ਦੇ ਮੁਖੀ ਡਾ: ਨਰਿੰਦਰ ਕੌਰ ਦੀ ਅਗਵਾਈ ਹੇਠ ਰਚਿਤ ਗੀਤ 'ਸਜਦਾ' ਪੇਸ਼ ਕੀਤਾ | ਪ੍ਰੋਗਰਾਮ ਦੌਰਾਨ ਪੰਜਾਬ, ਹਰਿਆਣਾ, ਗੁਜਰਾਤ, ਉੱਤਰ ਪ੍ਰਦੇਸ਼, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਪੱਛਮੀ ਬੰਗਾਲ ਦੀਆਂ ਭਾਗੀਦਾਰ ਟੀਮਾਂ ਨੇ ਇਕ-ਇਕ ਕਰਕੇ ਸਟੇਜ 'ਤੇ ਸ਼ਾਨਦਾਰ ਢੰਗ ਨਾਲ ਆਪਣੇ ਲੋਕ ਨਾਚ ਪੇਸ਼ ਕੀਤੇ | ਸਾਰੀਆਂ ਟੀਮਾਂ ਨੂੰ ਪੋਸ਼ਾਕਾਂ ਤੇ ਟਰਾਫ਼ੀਆਂ ਦੇ ਨਾਲ ਸਨਮਾਨਿਤ ਕੀਤਾ ਗਿਆ | ਪਿ੍ੰਸੀਪਲ ਡਾ: ਗੁਰਮੀਤ ਕੌਰ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ | ਸਟੇਜ ਦੀ ਜ਼ਿੰਮੇਵਾਰੀ ਪੰਜਾਬੀ ਵਿਭਾਗ ਦੇ ਮੁਖੀ ਡਾ: ਰੁਪਿੰਦਰਜੀਤ ਕੌਰ ਗਿੱਲ ਨੇ ਸੰਭਾਲੀ |