ਕਾਹਨੂੰਵਾਨ, 9 ਮਾਰਚ (ਜਸਪਾਲ ਸਿੰਘ ਸੰਧੂ)- ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਵਲੋਂ ਸੂਬਾ ਸੀਨੀਅਰ ਆਗੂ ਸਵਿੰਦਰ ਸਿੰਘ ਚੁਤਾਲਾ ਤੇ ਹਰਵਿੰਦਰ ਸਿੰਘ ਮਸਾਣੀਆਂ ਦੀ ਅਗਵਾਈ ਦੇ ਹੇਠ ਸੂਬੇ ਦੇ ਮੱੁਖ ਮੰਤਰੀ ਭਗਵੰਤ ਮਾਨ ਦੀ ਕਾਹਨੂੰਵਾਨ ਦਾਣਾ ਮੰਡੀ 'ਚ ਕੀਤੀ ਰੈਲੀ ਦਾ ਸਖ਼ਤ ਵਿਰੋਧ ਕੀਤਾ ਗਿਆ | ਰਸਤੇ ਵਿਚ ਪੁਲਿਸ ਪ੍ਰਸ਼ਾਸਨ ਤੇ ਕਿਸਾਨਾਂ ਦੀ ਜ਼ਬਰਦਸਤ ਝੜਪ ਹੋਈ | ਇਸ ਤੋਂ ਬਾਅਦ ਆਈ.ਏ.ਐਸ. ਅਫਸਰ ਆਦਿੱਤਿਆ ਸ਼ਰਮਾ ਐੱਸ.ਡੀ.ਐਮ. ਡੇਰਾ ਬਾਬਾ ਨਾਨਕ, ਤਹਿਸੀਲਦਾਰ ਬਟਾਲਾ, ਐਸ.ਐਸ.ਪੀ. ਗੁਰਦਾਸਪੁਰ, ਐਸ.ਪੀ. ਹੈੱਡਕੁਆਰਟਰ ਤੇ ਹੋਰ ਆਲ੍ਹਾ ਅਧਿਕਾਰੀਆਂ ਵਲੋਂ ਬਿਲਕੁਲ ਧਰਨੇ ਸਥਾਨ 'ਤੇ ਪਹੁੰਚ ਕੇ ਮੁੱਖ ਮੰਤਰੀ ਪੰਜਾਬ ਦੇ ਨਾਲ 17 ਮਾਰਚ ਨੂੰ ਉਨ੍ਹਾਂ ਦੇ ਨਿਵਾਸ ਉੱਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਕਿਸਾਨ ਮਜ਼ਦੂਰ ਮੋਰਚਾ ਦੀ ਮੀਟਿੰਗ ਤੈਅ ਕਰਵਾਈ ਗਈ | ਸੂਬਾ ਆਗੂ ਸੁਵਿੰਦਰ ਸਿੰਘ ਚੁਤਾਲਾ ਨੇ ਕਿਹਾ ਕਿ ਪੰਜਾਬ ਵਿਚ ਨੌਜਵਾਨੀ ਉੱਤੇ ਜਬਰ ਕੀਤਾ ਜਾ ਰਿਹਾ ਹੈ, ਜਿਸ ਦੇ ਵਿਰੋਧ ਵਿਚ 11 ਮਾਰਚ ਨੂੰ ਸੂਬੇ ਦੇ ਸਾਰੇ ਐਸ.ਐਸ.ਪੀ. ਦਫਤਰਾਂ 'ਚ ਮੰਗ ਪੱਤਰ ਦਿੱਤੇ ਜਾਣਗੇ ਤੇ 14 ਮਾਰਚ ਨੂੰ ਅਮਿਤ ਸ਼ਾਹ ਦੀ ਮੋਗਾ ਰੈਲੀ ਦੇ ਵਿਰੋਧ 'ਚ ਜ਼ਿਲਿ੍ਹਆਂ ਦੇ ਡੀ.ਸੀ. ਹੈੱਡ ਕੁਆਰਟਰ ਉੱਤੇ ਪੁਤਲਾ ਫੂਕੇ ਜਾਣਗੇ, ਜੇਕਰ ਫਿਰ ਵੀ ਪੰਜਾਬ ਸਰਕਾਰ ਮੰਗਾਂ ਉੱਤੇ ਕੋਈ ਧਿਆਨ ਨਾ ਦਿੱਤਾ ਤਾਂ 19 ਮਾਰਚ ਤੋਂ ਅੰਮਿ੍ਤਸਰ ਡੀ.ਸੀ. ਦਫਤਰ 'ਚ ਇਕ ਧਰਨਾ ਲਗਾਇਆ ਜਾਵੇਗਾ | ਐਸ.ਡੀ.ਐਮ. ਤੇ ਹੋਰ ਅਫਸਰਸ਼ਾਹੀ ਵਲੋਂ ਦਿੱਤੇ ਗਏ ਵਿਸ਼ਵਾਸ ਤੋਂ ਬਾਅਦ ਧਰਨਾ ਮੁਲਤਵੀ ਕਰ ਦਿੱਤਾ ਗਿਆ | ਇਸ ਮੌਕੇ ਜ਼ੋਨ ਪ੍ਰਧਾਨ ਪਰਮਜੀਤ ਸਿੰਘ ਡੇਰਾ ਬਾਬਾ ਨਾਨਕ, ਅਨੋਖ ਸਿੰਘ ਸੁਲਤਾਨੀ, ਸੁਖਜਿੰਦਰ ਸਿੰਘ ਗੋਤ, ਕੈਪਟਨ ਸਮਿੰਦਰ ਸਿੰਘ, ਹਰਚਰਨ ਸਿੰਘ, ਰਣਜੀਤ ਸਿੰਘ ਧੰਦਲ, ਰਛਪਾਲ ਸਿੰਘ ਭਰਥ, ਹਰਜੀਤ ਸਿੰਘ ਲੀਲ ਕਲਾਂ, ਰਛਪਾਲ ਸਿੰਘ ਚੀਮਾ, ਪਰਮਿੰਦਰ ਸਿੰਘ ਚੀਮਾ, ਬਲਵਿੰਦਰ ਸਿੰਘ ਬੱਲਪੁਰੀਆਂ, ਹਰਭਜਨ ਸਿੰਘ ਵੈਰੋਨੰਗਲ, ਬਲਦੇਵ ਸਿੰਘ ਪੰਡੋਰੀ, ਗੁਰਜੀਤ ਸਿੰਘ ਬੱਲੜਵਾਲ, ਦੇਸਾ ਸਿੰਘ, ਬੀਬੀ ਹਰਜੀਤ ਕੌਰ, ਬੀਬੀ ਮਨਜਿੰਦਰ ਕੌਰ ਆਦਿ ਹਾਜ਼ਰ ਸਨ |