ਕਾਦੀਆਂ, 10 ਮਾਰਚ (ਕੁਲਵਿੰਦਰ ਸਿੰਘ)-ਇਰਾਨ-ਅਮਰੀਕਾ ਇਜ਼ਰਾਇਲ ਜੰਗ ਦੇ ਚੱਲਦਿਆਂ ਜਿੱਥੇ ਬੀਤੇ ਦਿਨਾਂ ਤੋਂ ਪੰਜਾਬ ਦੇ ਪੈਟਰੋਲ ਪੰਪਾਂ ਅੱਗੇ ਪੈਟਰੋਲ-ਡੀਜ਼ਲ ਲੈਣ ਵਾਲਿਆਂ ਦੀਆਂ ਲੰਮੀਆਂ ਕਤਾਰਾਂ ਨਜ਼ਰ ਆ ਰਹੀਆਂ ਸਨ, ਹੁਣ ਇਹ ਨਜ਼ਾਰਾ ਗੈਸ ਏਜੰਸੀਆਂ ਅੱਗੇ ਵੀ ਵੇਖਣ ਨੂੰ ਮਿਲ ਰਿਹਾ ਹੈ | ਸਥਾਨਕ ਕਾਦੀਆਂ ਕਸਬੇ ਦੀ ਗੈਸ ਏਜੰਸੀ ਅੱਗੇ ਦਿਨ ਚੜ੍ਹੇ ਹੀ ਲੰਮੀ ਕਤਾਰ ਲੱਗ ਜਾਂਦੀ ਹੈ ਤੇ ਲੋਕ ਆਪਣੇ ਸਿਲੰਡਰ ਦੀ ਉਡੀਕ 'ਤੇ ਪਰਚੀ ਲੈਣ ਲਈ ਖੜ੍ਹੇ ਨਜ਼ਰ ਆਉਂਦੇ ਹਨ | ਭਾਰਤ ਸਰਕਾਰ ਵਲੋਂ ਘਰੇਲੂ ਅਤੇ ਵਪਾਰਕ ਸਿਲੰਡਰ ਦੀ ਕੀਮਤ ਵਿਚ ਵੀ ਭਾਰੀ ਵਾਧਾ ਕੀਤਾ ਹੈ | ਇਸ ਦੇ ਚਲਦਿਆਂ ਲੋਕਾਂ ਨੂੰ ਇਹ ਵੀ ਖ਼ਦਸ਼ਾ ਜਾਪਣ ਲੱਗ ਪਿਆ ਹੈ ਕਿ ਆਉਣ ਵਾਲੇ ਦਿਨਾਂ ਵਿਚ ਗੈਸ ਦੀ ਕਿੱਲਤ ਦੇ ਚਲਦਿਆਂ ਸਿਲੰਡਰ ਮਿਲਣੇ ਅÏਖੇ ਹੋ ਜਾਣੇ ਹਨ, ਉੱਥੇ ਸਰਕਾਰ ਹੋ ਸਕਦਾ ਹੈ ਇਨ੍ਹਾਂ ਦਾ ਹੋਰ ਰੇਟ ਵਧਾ ਦੇਵੇ | ਕਸਬਾ ਕਾਦੀਆਂ ਅੰਦਰ ਵਪਾਰਕ ਸਿਲੰਡਰਾਂ ਦੀ ਥਾਂ ਘਰੇਲੂ ਸਿਲੰਡਰਾਂ ਦੀ ਦੁਰਵਰਤੋਂ ਵੀ ਧੜੱਲੇ ਨਾਲ ਚੱਲ ਰਹੀ | ਇਸ ਸੰਬੰਧੀ ਖੁਰਾਕ ਸਪਲਾਈ ਵਿਭਾਗ ਕੋਈ ਕਾਰਵਾਈ ਨਹੀਂ ਕਰ ਰਿਹਾ ਅਤੇ ਨਾ ਹੀ ਗੈਸ ਏਜੰਸੀ ਵਲੋਂ ਕੋਈ ਵੀ ਕਾਰਵਾਈ ਸਾਹਮਣੇ ਆ ਰਹੀ ਹੈ | ਰੇਹੜੀਆਂ 'ਤੇ ਖਾਣ-ਪੀਣ ਦਾ ਸਾਮਾਨ ਵੇਚਣ ਵਾਲੇ ਧੜੱਲੇ ਨਾਲ ਘਰੇਲੂ ਗੈਸ ਸਿਲੰਡਰਾਂ ਦਾ ਉਪਯੋਗ ਕਰ ਰਹੇ ਹਨ | ਉਧਰ ਘਰੇਲੂ ਉਪਭੋਗਤਾ ਕਈ-ਕਈ ਦਿਨ ਸਿਲੰਡਰ ਦੀ ਉਡੀਕ ਵਿਚ ਰਹਿੰਦੇ ਹਨ | ਗਲੀਆਂ-ਮੁਹੱਲਿਆਂ ਵਿਚ ਸਪਲਾਈ ਤਾਂ ਹੋ ਰਹੀ ਹੈ, ਪਰ ਲੋਕ ਅਕਸਰ ਗੈਸ ਏਜੰਸੀ ਦੇ ਡਲਿਵਰੀ ਕਾਮਿਆਂ ਨਾਲ ਬਹਿਸ ਕਰਦੇ ਨਜ਼ਰ ਆਉਂਦੇ ਹਨ, ਪਰ ਅੱਗੋਂ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਮਿਲਦਾ | ਇਸ ਦੇ ਨਾਲ ਨਾ ਹੀ ਕਿਸੇ ਉਪਭੋਗਤਾ ਵਲੋਂ ਜਦੋਂ ਪਰਚੀ ਮੰਗੀ ਜਾਂਦੀ ਹੈ ਤੇ ਅੱਗੋਂ ਜਵਾਬ ਵੀ ਤਸੱਲੀਬਖ਼ਸ਼ ਨਹੀਂ ਦਿੱਤਾ ਜਾਂਦਾ, ਕਹਿੰਦੇੇੇੇ ਸਭ ਆਨਲਾਈਨ ਹੈ | ਸਥਾਨਕ ਖ਼ੁਰਾਕ ਸਪਲਾਈ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਨਜ਼ਰ ਆ ਰਿਹਾ ਹੈ | ਸਥਾਨਕ ਕਸਬੇ ਦੇ ਬਾਜ਼ਾਰਾਂ ਅੰਦਰ ਘਰੇਲੂ ਗੈਸ ਸਿਲੰਡਰਾਂ ਦੀ ਧੜੱਲੇ ਨਾਲ ਹੋ ਰਹੀ ਦੁਰਵਰਤੋਂ ਨੂੰ ਕੋਈ ਨਹੀਂ ਰੋਕ ਰਿਹਾ ਤੇ ਆਮ ਉਪਭੋਗਤਾਵਾਂ ਨੂੰ ਕਈ-ਕਈ ਦਿਨ ਸਿਲੰਡਰ ਦੀ ਉਡੀਕ ਕਰਨੀ ਪੈ ਰਹੀ ਹੈ | ਕਾਦੀਆਂ ਕਸਬੇ ਅੰਦਰ 2 ਗੈਸ ਏਜੰਸੀਆਂ ਹੋਣ ਦੇ ਬਾਵਜੂਦ ਵੀ ਲੋਕਾਂ ਦੀ ਮੰਗ ਪੂਰੀ ਨਹੀਂ ਹੋ ਰਹੀ | ਇਸ ਦਾ ਅੰਦਾਜ਼ਾ ਉਪਭੋਗਤਾਵਾਂ ਦੀਆਂ ਗੈਸ ਏਜੰਸੀ ਅੱਗੇ ਲੱਗੀਆਂ ਲੰਮੀਆਂ ਲੱਗੀਆਂ ਕਤਾਰਾਂ ਤੋਂ ਲਾਇਆ ਜਾ ਸਕਦਾ ਹੈ | ਲੋਕਾਂ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਦੇ ਸੰਬੰਧਤ ਵਿਭਾਗ ਗੈਸ ਦੀ ਸਪਲਾਈ ਸੁਚਾਰੂ ਰੱਖਣ ਲਈ ਬਣਦੀ ਕਾਰਵਾਈ ਕਰਨ ਤਾਂ ਜੋ ਆਉਣ ਵਾਲੇ ਦਿਨਾਂ ਵਿਚ ਲੋਕਾਂ ਨੂੰ ਗੈਸ ਦੀ ਕਿੱਲਤ ਦਾ ਸਾਹਮਣਾ ਨਾ ਕਰਨਾ ਪਵੇ |