ਦੀਨਾਨਗਰ, 10 ਮਾਰਚ (ਸ਼ਾਮ ਸਿੰਘ ਘੁੰਮਣ)-ਪੰਜਾਬ ਸਰਕਾਰ ਵਲੋਂ ਸੂਬੇ ਅੰਦਰ ਨਜਾਇਜ਼ ਕਾਲੋਨੀਆਂ ਕੱਟਣ 'ਤੇ ਲਗਾਈ ਗਈ ਪਾਬੰਦੀ ਦੇ ਬਾਵਜੂਦ ਨਗਰ ਕੌਂਸਲ ਦੀਨਾਨਗਰ ਦੀ ਹਦੂਦ ਅੰਦਰ ਨਜਾਇਜ਼ ਕਾਲੋਨੀਆਂ ਕੱਟਣ ਵਾਲੇ ਲੋਕਾਂ ਦੇ ਹੌਸਲੇ ਇੰਨੇ ਜ਼ਿਆਦਾ ਬੁਲੰਦ ਹਨ ਕਿ ਉਹ ਸ਼ਹਿਰ ਦੀ ਹਦੂਦ ਅੰਦਰ ਨਾਜਾਇਜ਼ ਕਾਲੋਨੀਆਂ ਤਾਂ ਧੜਾਧੜ ਕੱਟ ਹੀ ਰਹੇ ਹਨ, ਸਗੋਂ ਨਾਜਾਇਜ਼ ਕਾਲੋਨੀਆਂ ਦੇ ਰਾਹ ਵਿਚ ਆਉਣ ਵਾਲੇ ਸਰਕਾਰੀ ਦਰਖਤਾਂ ਨੂੰ ਵੀ ਨਹੀਂ ਬਖ਼ਸ਼ ਰਹੇ | ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ, ਦੀਨਾਨਗਰ ਸ਼ਹਿਰ ਦੇ ਐਨ ਵਿਚਕਾਰ ਕੁਸ਼ਟ ਆਸ਼ਰਮ ਦੇ ਪਿਛਲੇ ਪਾਸੇ ਦੀ ਜ਼ਮੀਨ ਦਾ, ਜਿੱਥੇ ਬਿਨਾਂ ਕਿਸੇ ਮਨਜ਼ੂਰੀ ਦੇ ਕਾਲੋਨੀ ਵਿਕਸਤ ਕਰ ਰਹੇ ਲੋਕਾਂ ਨੇ ਬਿਨਾਂ ਕਿਸੇ ਦੀ ਪ੍ਰਵਾਹ ਕੀਤਿਆਂ ਵਿਕਸਤ ਕੀਤੀ ਜਾ ਰਹੀ ਜ਼ਮੀਨ ਦੇ ਨਾਲ ਲੱਗਦੀ ਨਗਰ ਕੌਂਸਲ ਦੀ ਸਰਕਾਰੀ ਜ਼ਮੀਨ ਵਿਚ ਲੱਗੇ ਟਾਹਲੀ ਦੇ ਛੇ ਕੀਮਤੀ ਦਰਖ਼ਤ ਵੀ ਗ਼ਾਇਬ ਕਰ ਦਿੱਤੇ ਹਨ | ਜਿੱਥੋਂ ਦਰਖ਼ਤ ਗ਼ਾਇਬ ਕੀਤੇ ਗਏ ਹਨ, ਉਕਤ ਜ਼ਮੀਨ ਦੀਨਾਨਗਰ ਦੇ ਸ਼ਮਸ਼ਾਨਘਾਟ ਦੇ ਕੋਲ ਸਥਿਤ ਸੇਵਾ ਕੇਂਦਰ ਦੇ ਨਾਲ ਲੱਗਦੀ ਹੈ, ਜਿੱਥੇ ਨਗਰ ਕੌਂਸਲ ਵਲੋਂ ਕੂੜੇ ਤੋਂ ਖਾਦ ਬਣਾਉਣ ਲਈ ਪਿੱਟ ਬਣਾਏ ਹੋਏ ਹਨ | ਇਸ ਸਬੰਧੀ ਜਦੋਂ ਮਾਮਲਾ ਨਗਰ ਕੌਂਸਲ ਦੀਨਾਨਗਰ ਦੇ ਧਿਆਨ ਵਿਚ ਆਇਆ ਤਾਂ ਨਗਰ ਕੌਂਸਲ ਨੇ ਤੁਰੰਤ ਕਾਰਵਾਈ ਕਰਦਿਆਂ ਜ਼ਮੀਨ ਨੂੰ ਵਿਕਸਤ ਕਰਨ ਵਾਲੇ ਲੋਕਾਂ ਅਤੇ ਸਰਕਾਰੀ ਦਰਖਤਾਂ ਦੀ ਕਟਾਈ ਕਰਨ ਵਾਲੇ ਲੋਕਾਂ ਨੂੰ ਨੋਟਿਸ ਜਾਰੀ ਕਰਕੇ ਪੰਜ ਦਿਨਾਂ ਦੇ ਅੰਦਰ ਜਵਾਬ ਮੰਗਿਆ ਹੈ | ਪਰ ਦੂਜੇ ਪਾਸੇ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਸਰਕਾਰੀ ਦਰਖ਼ਤ ਚੋਰੀ ਹੋ ਗਏ ਹਨ ਤਾਂ ਨਗਰ ਕੌਂਸਲ ਵਲੋਂ ਪੁਲਿਸ ਕੋਲ ਚੋਰੀ ਦੀ ਸ਼ਿਕਾਇਤ ਕਰਨ ਦੀ ਬਜਾਏ ਨੋਟਿਸ ਜਾਰੀ ਕਰਨਾ ਮਾਮਲੇ ਉੱਤੇ ਮਿੱਟੀ ਪਾਉਣ ਦੀ ਕਵਾਇਦ ਜਾਪਦਾ ਹੈ | ਦੂਜੇ ਪਾਸੇ ਜਦੋਂ ਇਸ ਸਬੰਧ ਵਿਚ ਨਗਰ ਕੌਂਸਲ ਦੀਨਾਨਗਰ ਦੇ ਕਾਰਜ ਸਾਧਕ ਅਫ਼ਸਰ ਵਿਜੇ ਡੋਗਰਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਵੀ ਇਸ ਗੱਲ ਦੀ ਪੁਸ਼ਟੀ ਤਾਂ ਕੀਤੀ ਕਿ ਸਬੰਧਿਤ ਧਿਰਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ ਹਨ | ਪਰ ਦਰਖਤਾਂ ਦੀ ਚੋਰੀ ਦੇ ਮਾਮਲੇ ਵਿਚ ਜਦੋਂ ਉਨ੍ਹਾਂ ਨੰੂ ਪੁਲਿਸ ਸ਼ਿਕਾਇਤ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਜੇਕਰ ਨਗਰ ਕੌਂਸਲ ਜਵਾਬ ਤੋਂ ਸੰਤੁਸ਼ਟ ਨਾ ਹੋਈ ਤਾਂ ਸਖਤ ਕਾਨੂੰਨੀ ਕਾਰਵਾਈ ਲਈ ਅਗਲਾ ਰਸਤਾ ਅਖ਼ਤਿਆਰ ਕੀਤਾ ਜਾਵੇਗਾ |