ਪਠਾਨਕੋਟ, 11 ਮਾਰਚ (ਸੰਧੂ)- ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਮਨਦੀਪ ਸੰਧੂ ਦੀ ਪ੍ਰਧਾਨਗੀ ਵਿਚ ਅੱਜ ਸੁਤੰਤਰਤਾ ਸੈਨਾਨੀ ਜਥੇਦਾਰ ਕੇਸਰ ਸਿੰਘ ਮਾਰਗ 'ਤੇ ਸਥਿਤ ਪਾਰਟੀ ਦੇ ਜ਼ਿਲ੍ਹਾ ਦਫ਼ਤਰ ਇਕ ਪ੍ਰੈਸ ਕਾਨਫ਼ਰੰਸ ਕੀਤੀ ਗਈ ਜਿਸ ਵਿਚ ਹੋਰਨਾਂ ਤੋਂ ਇਲਾਵਾ ਰੇਖਾ ਮਨੀ ਸ਼ਰਮਾ ਮਾਝਾ ਜ਼ੋਨ ਇੰਚਾਰਜ, ਨਰੇਸ਼ ਕੁਮਾਰੀ ਜ਼ਿਲ੍ਹਾ ਇੰਚਾਰਜ ਮਹਿਲਾ ਵਿੰਗ, ਅਸ਼ੋਕ ਕੁਮਾਰ ਜ਼ਿਲ੍ਹਾ ਮੀਡੀਆ ਇੰਚਾਰਜ ਅਤੇ ਹੋਰ ਪਾਰਟੀ ਵਰਕਰ ਹਾਜ਼ਰ ਸਨ | ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਪਠਾਨਕੋਟ ਅਮਨਦੀਪ ਸੰਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਰਾਜਨੀਤੀ ਦੀ ਨੀਂਹ ਇਮਾਨਦਾਰੀ, ਇਰਾਦੇ ਤੇ ਪੂਰਤੀ ਲਈ ਵਚਨਬੱਧਤਾ ਹੈ | ਆਮ ਆਦਮੀ ਪਾਰਟੀ ਦੀ ਰਾਜਨੀਤੀ ਵੱਖਰੀ ਹੈ | ਉਨ੍ਹਾਂ ਕਿਹਾ ਕਿ ਸਮੁੱਚੇ ਪੰਜਾਬ ਅੰਦਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਯੋਗ ਅਗਵਾਈ ਅੰਦਰ ਵਿਕਾਸ ਕਾਰਜ ਚੱਲ ਰਹੇ ਹਨ ਅਤੇ ਲੋਕ ਹਿਤ ਦੀਆਂ ਨੀਤੀਆਂ ਨੂੰ ਲਾਗੂ ਕਰਕੇ ਲੋਕ ਹਿਤ ਵਿਚ ਕੀਤੇ ਜਾਣ ਵਾਲੇ ਕਾਰਜਾਂ ਨੂੰ ਮੁਕੰਮਲ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸਾਡੀ ਰਾਜਨੀਤੀ ਵਿਚ 'ਕੇਜਰੀਵਾਲ ਦੀ ਗਰੰਟੀ' ਸਿਰਫ਼ ਇਕ ਨਾਅਰਾ ਨਹੀਂ ਹੈ | ਇਹ ਵਿਸ਼ਵਾਸ ਹੈ, ਇਹ ਇਕ ਵਾਅਦਾ ਹੈ ਤੇ ਇਸ ਨੂੰ ਪੂਰਾ ਕਰਨ ਦੀ ਜ਼ਿੰਮੇਵਾਰੀ ਹੈ | ਉਨ੍ਹਾਂ ਕਿਹਾ ਕਿ ਮਾਵਾਂ ਧੀਆਂ ਸਤਿਕਾਰ ਯੋਜਨਾ ਲਈ ਬਜਟ ਵਿਚ 9,300 ਕਰੋੜ ਅਲਾਟ ਕੀਤੇ ਹਨ ਅਤੇ ਇਹ ਪੂਰੇ ਦੇਸ਼ ਵਿਚ ਔਰਤਾਂ ਲਈ ਸਭ ਤੋਂ ਵੱਡੀਆਂ ਸਿੱਧੀ ਵਿੱਤੀ ਸਹਾਇਤਾ ਯੋਜਨਾਵਾਂ ਵਿਚੋਂ ਇਕ ਹੈ | ਇਹ ਪੈਸਾ ਸਿੱਧਾ ਔਰਤਾਂ ਦੇ ਖਾਤਿਆਂ ਵਿਚ ਜਾਵੇਗਾ ਕੋਈ ਵਿਚੋਲਾ ਨਹੀਂ, ਕੋਈ ਭਿ੍ਸ਼ਟਾਚਾਰ ਨਹੀਂ | ਇਹ ਯੋਜਨਾ 13 ਅਪ੍ਰੈਲ ਵਿਸਾਖੀ ਨੂੰ ਸ਼ੁਰੂ ਹੋਵੇਗੀ | ਇਹ ਯਕੀਨੀ ਬਣਾਉਣ ਲਈ ਪੰਜਾਬ ਭਰ ਵਿਚ ਵਿਸ਼ੇਸ਼ ਰਜਿਸਟ੍ਰੇਸ਼ਨ ਕੈਂਪ ਲਗਾਏ ਜਾਣਗੇ |