ਗੁਰਦਾਸਪੁਰ, 11 ਮਾਰਚ (ਅਸ਼ੋਕ ਸ਼ਰਮਾ)- ਗੁਰਦਾਸਪੁਰ ਸ਼ਹਿਰ ਅਤੇ ਆਲੇ ਦੁਆਲੇ ਪਿੰਡਾਂ ਅੰਦਰ ਲੱਗੇ ਬੈਂਕਾਂ ਦੇ ਏ.ਟੀ.ਐਮ. ਵਿਚ ਪੈਸੇ ਦੀ ਨਿਕਾਸੀ ਨਾ ਹੋਣ ਕਾਰਨ ਜਨਤਾ ਡਾਢੀ ਪ੍ਰੇਸ਼ਾਨ ਹੈ ਪਰ ਬੈਂਕ ਅਧਿਕਾਰੀ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੇ | ਸ਼ਹਿਰ ਵਾਸੀ ਸੰਜੀਵ ਕੁਮਾਰ, ਰਜਤ ਸ਼ਰਮਾ, ਪ੍ਰੇਮ ਲਾਲ, ਸੋਮਰਾਜ, ਗ਼ਰੀਬ ਦਾਸ, ਚਰਨਜੀਤ ਸਿੰਘ ਮੁਲਤਾਨੀ, ਅਵਿਨਾਸ਼ ਤੇ ਹੋਰ ਖਪਤਕਾਰਾਂ ਨੇ 'ਅਜੀਤ' ਦੇ ਇਸ ਪ੍ਰਤੀਨਿਧ ਨੰੂ ਦੱਸਿਆ ਕਿ ਪਹਿਲਾਂ ਬੈਂਕਾਂ ਦੇ ਏ.ਟੀ.ਐਮ 'ਚ ਪੈਸਿਆਂ ਦੀ ਕੋਈ ਘਾਟ ਨਹੀਂ ਹੁੰਦੀ ਸੀ ਪਰ ਹੁਣ ਦੋ ਮਹੀਨਿਆਂ ਤੋਂ ਬੈਂਕਾਂ ਵਾਲੇ ਏ.ਟੀ.ਐਮ. 'ਚ ਬਹੁਤ ਘੱਟ ਪੈਸੇ ਪਾ ਰਹੇ ਹਨ, ਜਿਸ ਨਾਲ ਖਪਤਕਾਰਾਂ ਨੰੂ ਕਾਫ਼ੀ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਪਹਿਲਾਂ ਲੋਕ ਬੈਂਕਾਂ ਵਿਚ ਜਾ ਕੇ ਪੈਸੇ ਕਢਵਾਉਂਦੇ ਸਨ ਪਰ ਹੁਣ ਸਮੇਂ ਦੀ ਘਾਟ ਕਾਰਨ ਲੋਕ ਏ.ਟੀ.ਐਮ 'ਤੇ ਨਿਰਭਰ ਹਨ | ਲੋਕਾਂ ਨੇ ਦੱਸਿਆ ਕਿ ਇੰਪਰੂਵਮੈਂਟ ਟਰੱਸਟ ਦੀ 5 ਨੰਬਰ ਸਕੀਮ 'ਚ ਸਥਿਤ ਏ.ਟੀ.ਐਮ., ਬੀ.ਐਸ.ਐਫ. ਚੌਕ, ਤਿੱਬੜੀ ਚੌਕ, ਕਾਹਨੰੂਵਾਨ ਚੌਕ ਤੋਂ ਇਲਾਵਾ ਦਿਹਾਤੀ ਖੇਤਰ ਦੇ ਪੁਲ ਤਿੱਬੜੀ, ਪੁਰਾਣਾ ਸ਼ਾਲਾ, ਪੰਡੋਰੀ ਮਹੰਤਾਂ, ਸਾਹੋਵਾਲ ਦੇ ਏ.ਟੀ.ਐਮ ਵਿਚ ਪੈਸੇ ਨਹੀਂ ਹਨ | ਲੋਕਾਂ ਨੇ ਰਿਜ਼ਰਵ ਬੈਂਕ ਦੇ ਉੱਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਕਿ ਸ਼ਹਿਰੀ ਤੇ ਪੇਂਡੂ ਖੇਤਰ ਦੇ ਏ.ਟੀ.ਐਮ. ਨੰੂ ਸੁਚਾਰੂ ਰੂਪ ਨਾਲ ਚਲਾਉਣ ਲਈ ਸਬੰਧਿਤ ਬੈਂਕਾਂ ਦੇ ਅਧਿਕਾਰੀਆਂ ਨੰੂ ਸਖ਼ਤ ਹਦਾਇਤਾਂ ਜਾਰੀ ਕਰਕੇ ਪੈਸਿਆਂ ਦੀ ਨਿਕਾਸੀ ਚਲਾਈ ਜਾਵੇ ਜਿਸ ਨਾਲ ਖਪਤਕਾਰ ਅਸਾਨੀ ਨਾਲ ਪੈਸੇ ਕਢਵਾ ਸਕਣ |