ਬਟਾਲਾ, 11 ਮਾਰਚ (ਰਾਕੇਸ਼ ਰੇਖੀ)- ਚੋਰਾਂ ਨੇ ਸਟਾਫ਼ ਰੋਡ ਤੇ ਗੁਰੂ ਨਾਨਕ ਨਗਰ ਇਲਾਕਿਆਂ ਵਿਚ ਇਕੋ ਰਾਤ 'ਚ ਚਾਰ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਪਰ ਇਕ ਦੁਕਾਨ ਚੋਰੀ ਕਰਨ 'ਚ ਅਸਫਲ ਰਹੇ | ਚੋਰਾਂ ਦੀ ਦਲੇਰੀ ਏਨੀ ਸੀ ਕਿ ਦੁਕਾਨ ਦੇ ਉਪਰੋਂ ਮਾਲਕ ਨੇ ਆਵਾਜ਼ ਸੁਣ ਕੇ ਕਿਹਾ, ਕੌਣ ਹੈ ਤਾਂ ਚੋਰਾਂ ਨੇ ਜਵਾਬ ਦਿੱਤਾ, ਥੱਲੇ ਆ ਤੈਨੂੰ ਗੋਲੀ ਮਾਰ ਕੇ ਦੱਸੀਏ, ਕੌਣ ਹਾਂ | ਗੁਰੂ ਨਾਨਕ ਨਗਰ ਦੇ ਕਸਤੂਰੀ ਲਾਲ ਨੇ ਦੱਸਿਆ ਕਿ ਉਸ ਦੀ ਮੁਨਿਆਰੀ ਦੀ ਦੁਕਾਨ ਹੈ | ਬੁੱਧਵਾਰ ਸਵੇਰੇ ਕਰੀਬ 5 ਵਜੇ 2 ਚੋਰਾਂ ਨੇ ਸ਼ਟਰ ਦੇ ਤਾਲੇ ਤੋੜ ਦਿੱਤੇ ਅਤੇ ਉਪਰ ਘਰ ਨੂੰ ਜਾਂਦੇ ਰਸਤੇ ਦੇ ਗੇਟ ਵਿਚ ਟੁੱਟੇ ਤਾਲੇ ਫਸਾ ਦਿੱਤੇ ਤਾਂ ਕਿ ਉਪਰੋਂ ਕੋਈ ਆ ਨਾ ਜਾਵੇ | ਚੋਰਾਂ ਕਰੀਬ 25 ਹਜ਼ਾਰ ਰੁਪਏ ਦਾ ਸਾਮਾਨ ਚੋਰੀ ਕਰ ਲਿਆ | ਸੀ.ਸੀ.ਟੀ.ਵੀ. ਕੈਮਰੇ ਦੇਖੇ ਤਾਂ ਨਜ਼ਰ ਆਇਆ ਕਿ 2 ਨਕਾਬਪੋਸ਼ ਚੋਰ ਗੁਰਦੁਆਰਾ ਸਾਹਿਬ ਦੀ ਤਰਫ ਤੋਂ ਆਏ ਸਨ | ਸਟਾਫ਼ ਰੋਡ ਦੇ ਸਾਜਨ ਮਹਿਰਾ ਨੇ ਦੱਸਿਆ ਕਿ ਉਸ ਦੀ ਕਰਿਆਨੇ ਦੀ ਦੁਕਾਨ ਹੈ ਤੇ ਉਪਰ ਘਰ ਹੈ | ਸਵੇਰੇ ਕਰੀਬ 5 ਵਜੇ ਚੋਰਾਂ ਨੇ ਦੁਕਾਨ ਦੇ ਤਾਲੇ ਤੋੜ ਕੇ ਕਰੀਬ 8-10 ਹਜ਼ਾਰ ਰੁਪਏ ਦਾ ਸਾਮਾਨ ਬੋਰੇ 'ਚ ਪਾ ਲਿਆ | ਖੜਾਕ ਸੁਣ ਕੇ ਉਹ ਘਰ ਦੀ ਗੈਲਰੀ ਵਿਚ ਆਇਆ | ਦੇਖਿਆ ਕਿ ਇਕ ਚੋਰ ਦੁਕਾਨ ਅੰਦਰ ਸੀ ਅਤੇ ਦੂਜਾ ਦਾਤਰ ਲੈ ਕੇ ਬਾਹਰ ਖੜਾ ਸੀ | ਉਸ ਨੇ ਜ਼ੋਰ ਨਾਲ ਕਿਹਾ ਕਿ ਕੌਣ ਹੈ ਤਾਂ ਚੋਰ ਨੇ ਦਲੇਰੀ ਨਾਲ ਜਵਾਬ ਦਿੱਤਾ, ਥੱਲੇ ਆ ਤੈਨੂੰ ਗੋਲੀ ਮਾਰ ਕੇ ਦੱਸਾਂ ਕੌਣ ਹਾਂ | ਚੋਰ ਉਸ ਦਾ 10-12 ਹਜ਼ਾਰ ਰੁਪਏ ਦਾ ਨੁਕਸਾਨ ਕਰ ਗਏ ਹਨ | ਸਟਾਫ਼ ਰੋਡ ਦੇ ਅਰੁਣ ਨੇ ਦੱਸਿਆ ਕਿ ਉਸ ਦਾ ਸੈਲੂਨ ਹੈ, ਚੋਰਾਂ ਨੇ ਬਾਹਰ ਲੱਗੇ ਪੋਸਟਰ ਪਾੜਨ ਦੀ ਕੋਸ਼ਿਸ਼ ਕੀਤੀ ਤੇ ਬਾਹਰ ਲੱਗਾ ਸੀ.ਸੀ.ਟੀ.ਵੀ. ਕੈਮਰਾ ਤੋੜ ਦਿੱਤਾ | ਉਨ੍ਹਾਂ ਨੇ ਸ਼ਟਰ ਤੋੜਨ ਦੀ ਕੋਸ਼ਿਸ਼ ਕੀਤੀ, ਪਰ ਕਿਸੇ ਦੇ ਆ ਜਾਣ ਕਾਰਨ ਉਹ ਫਰਾਰ ਹੋ ਗਏ | ਇਸ ਦੇ ਇਲਾਵਾ ਡਾ. ਪ੍ਰਦੀਪ ਕੁਮਾਰ ਦੇ ਕਲੀਨਿਕ ਦੇ ਤਾਲੇ ਤੋੜ ਕੇ ਚੋਰੀ ਨੂੰ ਅੰਜਾਮ ਦਿੱਤਾ ਗਿਆ | ਹੈਰਾਨੀ ਦੀ ਗੱਲ ਹੈ ਕਿ ਸਵੇਰੇ 5 ਵਜੇ ਜਿਸ ਸਮੇਂ ਆਮ ਤੌਰ 'ਤੇ ਲੋਕ ਉੱਠ ਕੇ ਘਰਾਂ 'ਚੋਂ ਬਾਹਰ ਆ ਜਾਂਦੇ ਹਨ, ਉਸ ਸਮੇਂ ਵਿਚ ਚੋਰੀਆਂ ਕਰਨਾ ਤੇ ਵੇਖ ਲਏ ਜਾਣ 'ਤੇ ਗੋਲੀ ਮਾਰਨ ਦੀ ਧਮਕੀ ਦੇਣਾ, ਇਸ ਤੋਂ ਚੋਰਾਂ ਦੀ ਦਲੇਰੀ ਜਾਹਿਰ ਹੁੰਦੀ ਹੈ | ਥਾਣਾ ਸਿਵਲ ਲਾਇਨ ਦੇ ਏ.ਐਸ.ਆਈ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮੌਕੇ ਦਾ ਮੁਆਇਨਾਂ ਕਰ ਕੇ ਜਾਂਚ ਕੀਤੀ ਜਾ ਰਹੀ ਹੈ | ਜਲਦੀ ਹੀ ਚੋਰ ਫੜ ਲਏ ਜਾਣਗੇ |