ਗੁਰਦਾਸਪੁਰ, 12 ਮਾਰਚ (ਚੱਕਰਾਜਾ)-ਗੁਰਦਾਸਪੁਰ ਦੇ ਸਰਕਾਰੀ ਕਾਲਜ ਵਿਖੇ ਚੱਲ ਰਹੀ ਭਾਰਤੀ ਫ਼ੌਜ ਭਰਤੀ ਰੈਲੀ ਦੌਰਾਨ ਦੋ ਨੌਜਵਾਨਾਂ ਨੇ ਆਪਣੀ ਮਿਹਨਤ, ਅਨੁਸ਼ਾਸਨ ਅਤੇ ਦਿ੍ੜ੍ਹ ਨਿਸ਼ਚੇ ਦੀ ਸ਼ਾਨਦਾਰ ਮਿਸਾਲ ਪੇਸ਼ ਕੀਤੀ ਹੈ | ਡਾਇਰੈਕਟਰ ਭਰਤੀ ਬੋਰਡ ਕਰਨਲ ਜੇਮਸ ਜੈਕਬ ਨੇ ਦੱਸਿਆ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਨਵਅੰਜਨ ਸਿੰਘ ਅਤੇ ਪ੍ਰੇਮਪ੍ਰੀਤ ਸਿੰਘ ਨੇ 1.6 ਕਿੱਲੋਮੀਟਰ ਦੀ ਦੌੜ 5 ਮਿੰਟ ਤੋਂ ਘੱਟ ਸਮੇਂ ਵਿਚ ਪੂਰੀ ਕਰਕੇ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ | ਇਹ ਉਨ੍ਹਾਂ ਦੀ ਲਗਾਤਾਰ ਮਿਹਨਤ ਅਤੇ ਦੇਸ਼ ਦੀ ਸੇਵਾ ਕਰਨ ਦੇ ਜਜ਼ਬੇ ਨੂੰ ਦਰਸਾਉਂਦਾ ਹੈ | ਉਨ੍ਹਾਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਦੀ ਪ੍ਰਸੰਸਾ ਕਰਦਿਆਂ ਭਾਰਤੀ ਫ਼ੌਜ ਦੇ ਅਧਿਕਾਰੀਆਂ ਕਰਨਲ ਜੇਮਸ ਜੈਕਬ, ਸੂਬੇਦਾਰ ਮੇਜਰ ਸੰਜੇ ਅਤੇ ਜ਼ਿਲ੍ਹਾ ਕੌਂਸਲਰ ਪਰਮਿੰਦਰ ਸਿੰਘ ਸੈਣੀ ਵਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ | ਇਹ ਉਪਲਬਧੀ ਭਰਤੀ ਰੈਲੀ ਵਿਚ ਹਿੱਸਾ ਲੈ ਰਹੇ ਹੋਰ ਨੌਜਵਾਨਾਂ ਲਈ ਪੇ੍ਰਰਨਾ ਦਾ ਸਰੋਤ ਬਣੀ ਹੈ |