ਬਟਾਲਾ, 12 ਮਾਰਚ (ਸਤਿੰਦਰ ਸਿੰਘ)-ਲਾਰੈਂਸ ਇੰਟਰਨੈਸ਼ਨਲ ਸਕੂਲ ਤਾਰਾਗੜ੍ਹ (ਡੇਰਾ ਬਾਬਾ ਨਾਨਕ ਰੋਡ) ਬਟਾਲਾ ਵਲੋਂ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਨੂੰ ਮੁੱਖ ਰੱਖਦਿਆਂ 'ਕੈਰੀਅਰ ਗਾਈਡੈਂਸ' ਨਾਮਕ ਇਕ ਵਿਸ਼ੇਸ਼ ਸੈਮੀਨਾਰ ਦਾ ਸਫਲਤਾਪੂਰਵਕ ਕਰਵਾਇਆ ਗਿਆ | ਇਸ ਦਾ ਮੁੱਖ ਉਦੇਸ਼ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਸਹੀ ਵਿਸ਼ਿਆਂ ਦੀ ਚੋਣ ਕਰਨ ਲਈ ਸਹੀ ਮਾਰਗਦਰਸ਼ਨ ਦੇਣਾ ਸੀ | ਸਕੂਲ ਦੇ ਪਿ੍ੰਸੀਪਲ ਡਾ. ਉਪਮਾ ਮਹਾਜਨ ਦੀ ਅਗਵਾਈ ਹੇਠ ਕਰਵਾਏ ਗਏ ਇਸ ਸੈਮੀਨਾਰ ਵਿਚ ਆਪਣੇ-ਆਪਣੇ ਵਿਸ਼ਿਆਂ ਦੇ ਮਾਹਿਰਾਂ ਨੇ ਵਿਦਿਆਰਥੀਆਂ ਨਾਲ ਸਿੱਧੀ ਗੱਲਬਾਤ ਕੀਤੀ | ਇਸ ਸੈਸ਼ਨ ਦਾ ਸੰਚਾਲਨ ਮਨੋਜ ਸ਼ਰਮਾ ਵਲੋਂ ਕੀਤਾ ਗਿਆ | ਇਸ ਮੌਕੇ ਖਾਸ ਬੁਲਾਰਿਆਂ ਵਿਚ ਮੈਡੀਕਲ ਸਟਰੀਮ ਦੇ ਹਰਪ੍ਰੀਤ ਸਿੰਘ ਤੇ ਕਰਮਬੀਰ ਕੌਰ ਦੁਆਰਾ ਵਿਦਿਆਰਥੀਆਂ ਨੂੰ ਮੈਡੀਕਲ ਵਿਸ਼ਿਆਂ ਨਾਲ ਸੰਬੰਧਿਤ ਵੱਖ-ਵੱਖ ਖੇਤਰਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਖੇਤਰਾਂ ਵਿਚ ਤੁਸੀਂ ਕਿਵੇਂ ਅੱਗੇ ਵਧ ਸਕਦੇ ਹੋ, ਇਸ ਬਾਰੇ ਉਨ੍ਹਾਂ ਨੂੰ ਜਾਗਰੂਕ ਕੀਤਾ ਗਿਆ | ਕਮਰਸ ਸਟਰੀਮ ਦੇ ਪ੍ਰਗਤੀ ਘਈ ਵਲੋਂ ਕਾਮਰਸ ਨਾਲ ਸੰਬੰਧਿਤ ਵਿਸ਼ਿਆਂ ਤੇ ਖੇਤਰਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਇਹ ਵੀ ਦੱਸਿਆ ਗਿਆ ਕਿ ਤੁਸੀਂ ਇਸ ਸਟਰੀਮ ਦੁਆਰਾ ਆਪਣੀ ਜ਼ਿੰਦਗੀ ਵਿਚ ਕਿਵੇਂ ਅੱਗੇ ਵਧ ਸਕਦੇ ਹੋ ਅਤੇ ਸਫਲਤਾ ਪ੍ਰਾਪਤ ਕਰ ਸਕਦੇ ਹੋ | ਹਿਊਮੈਨਿਟੀ ਸਟਰੀਮ ਦੇ ਬਾਰੇ ਜਾਣਕਾਰੀ ਮਨਿੰਦਰਜੀਤ ਕੌਰ ਵਲੋਂ ਸਾਂਝੀ ਕੀਤੀ ਗਈ ਅਤੇ ਵਿਦਿਆਰਥੀਆਂ ਨੂੰ ਇਸ ਦੇ ਵਿਸ਼ਿਆਂ ਅਤੇ ਇਹ ਇਨ੍ਹਾਂ ਨਾਲ ਸੰਬੰਧਿਤ ਖੇਤਰਾਂ ਬਾਰੇ ਜਾਣਕਾਰੀ ਦਿੱਤੀ | ਇਸ ਉਪਰੰਤ ਕੈਰੀਅਰ ਕੰਪਸ ਸੰਸਥਾ ਦੇ ਬੁਲਾਰੇ ਸ: ਆਰ.ਐੱਸ. ਬਾਵਾ ਨੇ ਵਿਦਿਆਰਥੀਆਂ ਦੀ ਕੌਂਸਲਿੰਗ ਕੀਤੀ ਅਤੇ ਆਪਣੀਆਂ ਰੁਚੀਆਂ ਨੂੰ ਪਛਾਣਦੇ ਹੋਏ ਸਹੀ ਸਟਰੀਮ ਚੁਣਨ ਲਈ ਪ੍ਰੇਰਿਤ ਕੀਤਾ | ਸ੍ਰੀ ਅਮਿਤ ਕੁਮਾਰ ਵਲੋਂ ਵਿਦਿਆਰਥੀਆਂ ਦੇ ਨਾਲ ਸਿੱਧੇ ਸਵਾਲ ਜਵਾਬ ਕਰ ਕੇ ਉਨ੍ਹਾਂ ਦੀਆਂ ਮਾਨਸਿਕ ਉਲਝਣਾਂ ਨੂੰ ਹੱਲ ਕੀਤਾ | ਪਿ੍ੰਸੀਪਲ ਡਾ. ਉਪਮਾ ਮਹਾਜਨ ਨੇ ਕਿਹਾ ਕਿ ਅਕਸਰ ਬੱਚੇ ਦੂਜਿਆਂ ਦੀ ਦੇਖਾ-ਦੇਖੀ ਜਾਂ ਬਿਨਾਂ ਸੋਚੇ-ਸਮਝੇ ਵਿਸ਼ਿਆਂ ਦੀ ਚੋਣ ਕਰ ਲੈਂਦੇ ਹਨ, ਜਿਸ ਕਾਰਨ ਬਾਅਦ ਵਿਚ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਸਾਡਾ ਮਕਸਦ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਰੁਚੀ ਅਤੇ ਕਾਬਲੀਅਤ ਅਨੁਸਾਰ ਮੈਡੀਕਲ, ਨਾਨ-ਮੈਡੀਕਲ, ਕਾਮਰਸ ਜਾਂ ਆਰਟਸ ਵਿਚੋਂ ਸਹੀ ਰਾਹ ਚੁਣਨ ਵਿਚ ਮਦਦ ਕਰਨਾ ਹੈ | ਵਿਦਿਆਰਥੀਆਂ ਦੇ ਸ਼ੰਕਿਆਂ ਨੂੰ ਦੂਰ ਕਰਨ ਲਈ ਮਾਹਿਰਾਂ ਵਲੋਂ ਵਨ-ਟੂ-ਵਨ ਸੈਸ਼ਨ ਕੀਤੇ ਗਏ | ਰਵਾਇਤੀ ਕੋਰਸਾਂ ਤੋਂ ਇਲਾਵਾ ਡਿਜੀਟਲ ਮਾਰਕੀਟਿੰਗ, ਡਾਟਾ ਸਾਇੰਸ ਅਤੇ ਡਿਜ਼ਾਈਨਿੰਗ ਵਰਗੇ ਆਧੁਨਿਕ ਖੇਤਰਾਂ ਬਾਰੇ ਜਾਣਕਾਰੀ ਦਿੱਤੀ ਗਈ | ਸਮਾਗਮ ਵਿਚ ਹਾਜ਼ਰ ਮਾਹਿਰਾਂ ਵਲੋਂ ਮਾਪਿਆਂ ਨੂੰ ਵੀ ਸਲਾਹ ਦਿੱਤੀ ਗਈ ਕਿ ਉਹ ਬੱਚਿਆਂ 'ਤੇ ਆਪਣੀ ਮਰਜ਼ੀ ਨਾ ਥੋਪਣ, ਬਲਕਿ ਉਨ੍ਹਾਂ ਦੇ ਹੁਨਰ ਨੂੰ ਪਛਾਣਨ | ਵਿਦਿਆਰਥੀਆਂ ਨੇ ਇਸ ਸੈਮੀਨਾਰ ਦੀ ਸ਼ਾਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਉਨ੍ਹਾਂ ਦੇ ਮਨ ਵਿਚ ਆਪਣੇ ਕੈਰੀਅਰ ਨੂੰ ਲੈ ਕੇ ਚੱਲ ਰਹੀ ਉਲਝਣ ਦੂਰ ਹੋਈ ਹੈ | ਇਸ ਮੌਕੇ ਚੇਅਰਮੈਨ ਸ: ਬਲਜਿੰਦਰ ਸਿੰਘ ਬੈਂਸ ਮੱਲਿਆਂਵਾਲ, ਸ: ਗੁਰਜੀਤ ਸਿੰਘ ਬੈਂਸ, ਡਾਇਰੈਕਟਰ ਡਾ. ਗੁਰਿੰਦਰ ਕੌਰ ਮਾਨ, ਪਿ੍ੰਸੀਪਲ ਡਾ. ਉਪਮਾ ਮਹਾਜਨ, ਪਿ੍ੰਸੀਪਲ ਰਮਨ ਸ਼ਰਮਾ ਵਲੋਂ ਇਸ ਸੈਸ਼ਨ ਦੀ ਸਫਲਤਾ ਲਈ ਮਾਹਿਰਾਂ ਦਾ ਧੰਨਵਾਦ ਵੀ ਕੀਤਾ ਗਿਆ |