ਬਟਾਲਾ, 12 ਮਾਰਚ (ਸਤਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਬਟਾਲਾ ਵਲੋਂ ਯੂ.ਪੀ.ਐਸ.ਸੀ ਪ੍ਰੀਖਿਆ ਵਿਚ ਸਥਾਨ ਪ੍ਰਾਪਤ ਕਰਨ 'ਤੇ ਬਟਾਲਾ ਨਿਵਾਸੀ ਅਸੀਮ ਮਹਾਜਨ ਪੁੱਤਰ ਅਜੈ ਮਹਾਜਨ ਦੇ ਘਰ ਜਾ ਕੇ ਉਸ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਉਪ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਬਟਾਲਾ ਦੇ ਇੰਚਾਰਜ ਨਰੇਸ਼ ਮਹਾਜਨ ਨੇ ਕਿਹਾ ਕਿ ਅਸੀਮ ਮਹਾਜਨ ਨੇ ਦੇਸ਼ ਦੀ ਸਰਵੋਤਮ ਪ੍ਰੀਖਿਆ ਪਾਸ ਕਰ ਕੇ ਬਟਾਲਾ ਦਾ ਨਾਂਅ ਰੌਸ਼ਨ ਕੀਤਾ ਹੈ, ਇਸ ਲਈ ਸਾਰੇ ਨੌਜਵਾਨਾਂ ਨੂੰ ਇਸ ਤੋਂ ਪ੍ਰੇਰਿਤ ਹੋ ਕੇ ਸਿਵਲ ਸਰਵਿਸੇਜ਼ ਪ੍ਰੀਖਿਆਵਾਂ ਪਾਸ ਕਰਨ ਲਈ ਕੜੀ ਮਿਹਨਤ ਕਰਨੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਅਸੀਮ ਮਹਾਜਨ ਸਾਰੇ ਨੌਜਵਾਨਾਂ ਲਈ ਪ੍ਰੇਰਨਾਸ੍ਰੋਤ ਹਨ ਅਤੇ ਜੋ ਨੌਜਵਾਨ ਨਸ਼ਿਆਂ ਦੀ ਦਲਦਲ ਵਿਚ ਧਸਦੇ ਜਾ ਰਹੇ ਹਨ, ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਵੀ ਇਸ ਤੋਂ ਪ੍ਰੇਰਨਾ ਲੈਂਦੇ ਹੋਏ ਆਪਣੇ ਜੀਵਨ ਦਾ ਇਕ ਟੀਚਾ ਨਿਰਧਾਰਿਤ ਕਰਨ ਅਤੇ ਉਸ ਨੂੰ ਹਾਸਲ ਕਰਨ ਲਈ ਪ੍ਰਯਤਨਸ਼ੀਲ ਰਹਿਣ | ਉਨ੍ਹਾਂ ਕਿਹਾ ਕਿ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਨੌਜਵਾਨਾਂ ਦੇ ਹੁਨਰ ਨੂੰ ਦੇਖਦੇ ਹੋਏ ਹਰ ਜ਼ਿਲ੍ਹੇ ਵਿਚ ਯੂਪੀਐਸਸੀ ਦੀ ਤਿਆਰੀ ਲਈ ਕੋਚਿੰਗ ਦੇ ਇੰਸਟੀਚਿਊਟ ਖੋਲ੍ਹੇ ਅਤੇ ਮੁਫਤ ਵਿਚ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਕਰੀਅਰ ਬਾਰੇ ਟੀਚਾ ਹਾਸਲ ਕਰਨ ਲਈ ਕੋਚਿੰਗ ਦਿੱਤੀ ਜਾਵੇ | ਉਨ੍ਹਾਂ ਕਿਹਾ ਕਿ ਬਟਾਲਾ ਦੇ ਨੌਜਵਾਨ ਨੇ ਇਹ ਪ੍ਰੀਖਿਆ ਪਾਸ ਕੀਤੀ ਹੈ, ਜਿਸ ਨਾਲ ਇਹ ਉਮੀਦ ਜਾਗੀ ਹੈ ਕਿ ਆਉਣ ਵਾਲੇ ਸਮੇਂ ਵਿਚ ਬਟਾਲਾ ਦੇ ਹੋਰ ਨੌਜਵਾਨ ਵੀ ਅਜਿਹੀਆਂ ਪ੍ਰੀਖਿਆਵਾਂ ਪਾਸ ਕਰ ਕੇ ਪ੍ਰਾਂਤ ਦੇ ਵੱਡੇ ਅਹੁਦਿਆਂ 'ਤੇ ਅਸੀਮ ਹੋਣਗੇ ਅਤੇ ਆਪਣੇ ਖੇਤਰ ਤੇ ਪ੍ਰਾਂਤ ਦਾ ਨਾਂਅ ਰੌਸ਼ਨ ਕਰਨਗੇ | ਇਸ ਮੌਕੇ ਸੁਖਦੇਵ ਮਹਾਜਨ, ਬਲਵਿੰਦਰ ਸਿੰਘ, ਰਾਕੇਸ਼ ਮਹਾਜਨ, ਸ਼ਕਤੀ ਮਹਾਜਨ, ਪੁਨੀਤ ਮਹਾਜਨ, ਪ੍ਰਦੀਪ ਸ਼ਰਮਾ ਅਤੇ ਰਾਘਵ ਮਹਾਜਨ ਮੌਜੂਦ ਸਨ |