ਗੁਰਦਾਸਪੁਰ, 12 ਮਾਰਚ (ਅਸ਼ੋਕ ਸ਼ਰਮਾ)-ਅਮਰੀਕਾ ਤੇ ਇਰਾਨ ਦੀ ਹੋ ਰਹੀ ਲੜਾਈ ਨਾਲ ਭਾਰਤ ਅੰਦਰ ਘਰੇਲੂ ਗੈਸ ਅਤੇ ਡੀਜ਼ਲ-ਪੈਟਰੋਲ 'ਤੇ ਵੀ ਮਾੜਾ ਅਸਰ ਪੈਣ ਦੀ ਸੰਭਾਵਨਾ ਨੰੂ ਰੱਦ ਨਹੀਂ ਕੀਤਾ ਜਾ ਸਕਦਾ | ਜਿਥੇ ਪਹਿਲਾਂ ਗੈਸ ਸਿਲੰਡਰ ਲੋਕਾਂ ਨੰੂ 21 ਦਿਨ ਬਾਅਦ ਅਸਾਨੀ ਨਾਲ ਮਿਲ ਜਾਂਦਾ ਸੀ ਅਤੇ ਹੁਣ ਇਕ ਮਹੀਨੇ ਤੋਂ ਬਾਅਦ ਗੈਸ ਸਿਲੰਡਰ ਬੁੱਕ ਕੀਤੇ ਜਾ ਰਹੇ ਹਨ | ਜਿਸ ਨਾਲ ਲੋਕਾਂ ਅੰਦਰ ਹਾਹਾਕਾਰ ਮੱਚ ਗਈ ਹੈ ਅਤੇ ਗੈਸ ਏਜੰਸੀਆਂ ਦੇ ਬਾਹਰ ਲੋਕਾਂ ਨੇ ਲੰਮੀਆਂ ਲਾਈਨਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ | ਜਦੋਂ ਕਿ ਕੁਝ ਗੈਸ ਏਜੰਸੀਆਂ ਵਲੋਂ ਏਜੰਸੀਆਂ ਦੇ ਬਾਹਰ ਨੋਟਿਸ ਲਗਾ ਦਿੱਤੇ ਹਨ ਕਿ ਗੈਸ ਖਤਮ ਹੈ | ਜਿਸ ਕਾਰਨ ਲੋਕ ਖੱਜਲ ਖ਼ੁਆਰ ਹੋ ਰਹੇ ਹਨ | ਇਸੇ ਤਰ੍ਹਾਂ ਪੈਟਰੋਲ ਪੰਪਾਂ 'ਤੇ ਕਿਸਾਨ ਤੇ ਹੋਰ ਆਮ ਜਨਤਾ ਦੀ ਕਾਫ਼ੀ ਭੀੜ ਲੱਗੀ ਹੋਈ ਹੈ | ਜਿਸ ਨਾਲ ਲੋਕ ਕਾਫ਼ੀ ਦੁਚਿੱਤੀ ਵਿਚ ਨਜ਼ਰ ਆ ਰਹੇ ਹਨ | ਇਹ ਵੀ ਪਤਾ ਲੱਗਾ ਹੈ ਕਿ ਗੈਸ ਏਜੰਸੀਆਂ ਵਲੋਂ ਪਹਿਲਾਂ ਗੈਸ ਦੀ ਬੁਕਿੰਗ ਆਨਲਾਈਨ ਹੀ ਕੀਤੀ ਜਾਂਦੀ ਸੀ | ਪਰ ਹੁਣ ਇਕ ਮਹੀਨੇ ਦਾ ਸਮਾਂ ਤੈਅ ਕਰ ਦਿੱਤਾ ਹੈ, ਜਿਸ ਨਾਲ ਵੱਡੇ ਪਰਿਵਾਰ ਕਾਫ਼ੀ ਦੁਖੀ ਦੇਖੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਗੈਸ ਸਿਲੰਡਰ 'ਚ ਵਾਧਾ ਕਰ ਦਿੱਤਾ ਹੈ ਅਤੇ ਅਜਿਹੇ ਹਾਲਾਤਾਂ ਵਿਚ ਪੰਜਾਬ ਅੰਦਰ ਰੋਜ਼ਮਰ੍ਹਾ ਦੀਆਂ ਚੀਜ਼ਾਂ 'ਤੇ ਵੀ ਮਾੜਾ ਅਸਰ ਪਵੇਗਾ | ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੀ ਗੈਸ ਏਜੰਸੀਆਂ ਤੇ ਪੈਟਰੋਲ ਪੰਪ ਮਾਲਕਾਂ ਨਾਲ ਰਾਬਤਾ ਕਾਇਮ ਕਰਕੇ ਸਰਕਾਰ ਦੇ ਰੇਟਾਂ 'ਤੇ ਵੇਚਣ ਦੀ ਹਦਾਇਤ ਦੇ ਨਾਲ ਨਾਲ ਲੋਕਾਂ ਨੰੂ ਗੁੰਮਰਾਹ ਨਾ ਹੋਣ ਦੀ ਅਪੀਲ ਕੀਤੀ ਜਾ ਰਹੀ ਹੈ |