ਬਟਾਲਾ, 27 ਮਾਰਚ (ਸਤਿੰਦਰ ਸਿੰਘ)-ਰਾਮ ਨਾਮ ਪ੍ਰਚਾਰ ਸੰਮਤੀ ਦੈਨਿਕ ਪ੍ਰਾਥਨਾ ਸਭਾ ਵਲੋਂ ਪੁਰਾਣੀ ਦਾਣਾ ਮੰਡੀ ਤੋਂ ਸ੍ਰੀ ਰਾਮ ਨੌਮੀ ਮੌਕੇ ਸ਼ੋਭਾ ਯਾਤਰਾ ਸਜਾਈ ਗਈ ਜਿਸ ਦੀ ਸ਼ੁਰੂਆਤ ਸ੍ਰੀ ਬਾਵਾ ਲਾਲ ਦਿਆਲ ਧਿਆਨਪੁਰ ਧਾਮ ਤੋਂ ਛੋਟੇ ਮਹਾਰਾਜਾ ਗੋਪਾਲ ਦਾਸ ਨੇ ਨਾਰੀਆਲ ਤੋੜ ਕੇ ਕਰਵਾਈ | ਇਸ ਮੌਕੇ ਉਨ੍ਹਾਂ ਨਾਲ ਸ੍ਰੀ ਅਸ਼ੋਕ ਅਗਰਵਾਲ ਤੇ ਕੇ.ਐਲ. ਗੁਪਤਾ ਵੀ ਹਾਜ਼ਰ ਸਨ | ਸ਼ੋਭਾ ਯਾਤਰਾ ਵਿਚ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋ ਕੇ ਰਾਮ ਨੌਮੀ ਦੀਆਂ ਵਧਾਈਆਂ ਦਿੰਦਿਆਂ ਭਗਵਾਨ ਸ੍ਰੀ ਰਾਮ ਦੇ ਦੱਸੇ ਮਾਰਗ 'ਤੇ ਚੱਲਣ ਦੀ ਅਪੀਲ ਕੀਤੀ | ਇਸ ਤੋਂ ਇਲਾਵਾ ਫਤਹਿਗੜ੍ਹ ਚੂੜੀਆਂ ਦੇ ਵਿਧਾਇਕ ਤਿ੍ਪਤ ਰਜਿੰਦਰ ਸਿੰਘ ਬਾਜਵਾ, ਮੇਅਰ ਸੁੱਖ ਤੇਜਾ, ਮਾਰਕੀਟ ਕਮੇਟੀ ਦੇ ਚੇਅਰਮੈਨ ਮਾਨਿਕ ਮਹਿਤਾ, ਚੇਅਰਮੈਨ ਯਸ਼ਪਾਲ ਚੌਹਾਨ, ਗੁੱਡੂ ਸੇਠ, ਅਕਾਲੀ ਦਲ ਦੇ ਹਲਕਾ ਇੰਚਾਰਜ ਨਰੇਸ਼ ਮਹਾਜਨ, ਸਹਿਜਪਾਲ ਸਿੰਘ ਗੋਰਾਇਆ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹੀਰਾ ਵਾਲੀਆ ਨੇ ਵੀ ਸ਼ੋਭਾ ਯਾਤਰਾ 'ਚ ਸ਼ਾਮਲ ਹੋ ਕੇ ਸੰਗਤਾਂ ਦੇ ਦਰਸ਼ਨ ਕੀਤੇ | ਨੀਵ ਵੈਲਫੇਅਰ ਕਲੱਬ ਵਲੋਂ ਗੁਲਾਬੀ ਪਗੜੀਆਂ ਬੰਨ੍ਹ ਕੇ ਭਗਵਾਨ ਰਾਮ ਦਾ ਗੁਣਗਾਣ ਕੀਤਾ ਗਿਆ ਜਦਕਿ ਨਿਊ ਏਕਤਾ ਕਲੱਬ ਨੇ ਅਯੁੱਧਿਆ ਤੋਂ ਜਯੋਤੀ ਲਿਆ ਕੇ ਵਿਸੇਸ਼ ਉਪਰਾਲਾ ਕੀਤਾ | ਯੂ.ਐਸ.ਏ. ਤੋਂ ਗਾਇਕਾ ਗੋਰਾ ਮੀਨਾ ਨੇ ਭਜਨ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਪ੍ਰਾਥਨਾ ਸਭਾ ਵਲੋਂ ਵੱਖ-ਵੱਖ ਕਲੱਬਾਂ ਨੂੰ ਝਾਕੀਆਂ ਪੇਸ਼ ਕਰਨ 'ਤੇ ਸਨਮਾਨਿਤ ਕੀਤਾ ਗਿਆ | ਸ਼ੋਭਾ ਯਾਤਰਾ ਮੌਕੇ ਸਨਾਤਨ ਸਭਾ, ਆਦਰਸ਼ ਰਾਮਾ ਕ੍ਰਿਸ਼ਨਾ ਕਲੱਬ, ਦਿ੍ਸ਼ਟੀ ਕਲੱਬ, ਚੜ੍ਹਦੀ ਕਲਾ ਵੈਲਫੇਅਰ, ਸਹਾਰਾ ਕਲੱਬ, ਮੇਰਾ ਪਰਿਵਾਰ ਅਤੇ ਹੋਰ ਅਨੇਕਾਂ ਕਲੱਬਾਂ ਵਲੋਂ ਸੰਗਤਾਂ ਲਈ ਥਾਂ-ਥਾਂ 'ਤੇ ਲੰਗਰ ਲਗਾਏ ਗਏ |