ਗੁਰਦਾਸਪੁਰ, 27 ਮਾਰਚ (ਅਸ਼ੋਕ ਸ਼ਰਮਾ)- ਗੁਰਦਾਸਪੁਰ ਪੰਡੋਰੀ ਤਾਲਿਬਪੁਰ ਵਿਚਕਾਰ ਪੈਂਦੀ ਨਹਿਰ ਅੱਪਰਬਾਰੀ ਦੁਆਬ ਪਿੰਡ ਗਾਜ਼ੀਕੋਟ ਨੇੜੇ 9 ਮਹੀਨੇ ਪਹਿਲਾਂ ਬਣੇ ਲੋਹੇ ਦੇ ਪੁਲ 'ਤੇ ਤਰੇੜਾਂ ਪੈ ਗਈਆਂ ਹਨ ਜਿਸ ਨਾਲ ਇਲਾਕੇ ਦੇ 5 ਦਰਜਨ ਪਿੰਡਾਂ ਤੋਂ ਵੱਧ ਲੋਕਾਂ ਦਾ ਠੇਕੇਦਾਰ ਤੇ ਲੋਕ ਨਿਰਮਾਣ ਵਿਭਾਗ ਗੁਰਦਾਸਪੁਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਇਲਾਕੇ ਦੇ ਲੋਕਾਂ ਨੇ ਪੁਲ 'ਤੇ ਲੱਗੀ ਘਟੀਆ ਸਮੱਗਰੀ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ | ਮੌਕੇ 'ਤੇ 'ਅਜੀਤ' ਦੇ ਪ੍ਰਤੀਨਿਧ ਵਲੋਂ ਇਕੱਠੀ ਕੀਤੀ ਜਾਣਕਾਰੀ ਅਨੁਸਾਰ ਇਹ ਪੁਲ 9 ਮਹੀਨੇ ਪਹਿਲਾਂ ਸਰਕਾਰ ਦੇ ਬਿਨਾਂ ਮਹਿਕਮੇ ਵਲੋਂ ਉਦਘਾਟਨ ਕਰਕੇ ਲੋਕਾਂ ਨੰੂ ਸਮਰਪਿਤ ਕਰ ਦਿੱਤਾ ਸੀ | ਇਹ ਪੁਲ 6 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕਰਵਾਇਆ ਗਿਆ ਅਤੇ ਲੋਕਾਂ ਨੰੂ ਇਕ ਸਾਲ ਤੋਂ ਵੱਧ ਮੁਸੀਬਤ ਝੱਲਣੀ ਪਈ ਸੀ | ਹੁਣ ਤਿਆਰ ਹੋਣ ਤੋਂ ਬਾਅਦ ਤਰੇੜਾਂ ਪੈਣ ਜਾਣ ਨਾਲ ਮਹਿਕਮੇ 'ਤੇ ਕਈ ਤਰ੍ਹਾਂ ਦੇ ਪ੍ਰਸ਼ਨ ਚਿੰਨ੍ਹ ਉਠ ਰਹੇ ਹਨ | ਇਲਾਕੇ ਦੇ ਪੰਚਾਂ, ਸਰਪੰਚਾਂ ਤੇ ਸਮਾਜ ਸੇਵੀ ਆਗੂਆਂ ਨੇ ਕਿਹਾ ਕਿ ਇਸ ਪੁਲ ਦੀ ਦੁਬਾਰਾ ਮੁਰੰਮਤ ਕਰਵਾਈ ਜਾਵੇ ਜਿਸ ਨਾਲ ਅਗਾਂਹ ਤੋਂ ਪੁਲ ਦਾ ਹੋਰ ਨੁਕਸਾਨ ਨਾ ਹੋ ਸਕੇ |