ਕਲਾਨੌਰ, 27 ਮਾਰਚ (ਪੁਰੇਵਾਲ)- ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵਲੋਂ ਕਿਸਾਨਾਂ ਨੂੰ ਨਵੀਆਂ ਖੇਤੀਬਾੜੀ ਤਕਨੀਕਾਂ ਅਤੇ ਸਰਕਾਰੀ ਯੋਜਨਾਵਾਂ ਬਾਰੇ ਜਾਣੂ ਕਰਵਾਉਣ ਲਈ ਬਲਾਕ ਕਲਾਨੌਰ ਦੇ ਪਿੰਡ ਗੋਸਲ 'ਚ ਡਾ. ਸ਼ਹਿਬਾਜ਼ ਸਿੰਘ ਚੀਮਾ ਡਿਪਟੀ ਡਾਇਰੈਕਟਰ ਖੇਤੀਬਾੜੀ ਦੀ ਪ੍ਰਧਾਨਗੀ ਹੇਠ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਡਾ. ਚੀਮਾ ਨੇ ਕਿਹਾ ਕਿ ਰਵਾਇਤੀ ਖੇਤੀ ਦੇ ਨਾਲ-ਨਾਲ ਸਹਾਇਕ ਧੰਦੇ ਜਿਵੇਂ ਕਿ ਡੇਅਰੀ, ਮਧੂ ਮੱਖੀ ਪਾਲਣ, ਮੁਰਗੀ ਪਾਲਣ ਤੇ ਬਾਗਬਾਨੀ ਆਦਿ ਅਪਨਾ ਕੇ ਕਿਸਾਨ ਆਪਣੀ ਆਮਦਨ 'ਚ ਵਾਧਾ ਕਰ ਸਕਦੇ ਹਨ | ਉਨ੍ਹਾਂ ਕਿਹਾ ਕਿ ਖੇਤੀ 'ਚ ਵਿਗਿਆਨਕ ਤਰੀਕਿਆਂ ਦੀ ਵਰਤੋਂ ਕਰ ਕੇ ਖੇਤੀ ਦੀ ਲਾਗਤ ਨੂੰ ਘਟਾ ਕੇ ਉਤਪਾਦਨ 'ਚ ਵਾਧਾ ਕੀਤਾ ਜਾ ਸਕਦਾ ਹੈ | ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਵਾਤਾਵਰਣ ਦੀ ਸੰਭਾਲ ਤੇ ਜ਼ਮੀਨ ਦੀ ਤੰਦਰੁਸਤੀ ਲਈ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਈ ਜਾਵੇ ਤੇ ਕਣਕ ਦੇ ਨਾੜ ਦੀ ਸਹੀ ਸੰਭਾਲ ਲਈ ਮਸ਼ੀਨਰੀ ਤੇ ਹੋਰ ਵਿਕਲਪਾਂ ਦੀ ਵਰਤੋਂ ਕੀਤੀ ਜਾਵੇ ਤਾਂ ਜੋ ਮਿੱਟੀ ਦੀ ਉਪਜਾਊ ਸ਼ਕਤੀ ਬਰਕਰਾਰ ਰਹੇ ਤੇ ਵਾਤਾਵਰਣ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ | ਇਸ ਤੋਂ ਇਲਾਵਾ ਡਾ. ਸੰਦੀਪ ਸਿੰਘ, ਖੇਤੀਬਾੜੀ ਅਫ਼ਸਰ, ਡਾ. ਜਰਮਨਜੀਤ ਸਿੰਘ ਖੇਤੀਬੜੀ ਅਫ਼ਸਰ (ਸਿਖਲਾਈ), ਡਾ. ਦਿਲਰਾਜ ਸਿੰਘ, ਡਾ. ਅਰਪਨਪ੍ਰੀਤ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਕਲਾਨੌਰ, ਰਛਪਾਲ ਸਿੰਘ ਏ.ਈ.ਓ., ਡਾ. ਗੁਰਸ਼ਰਨ ਸਿੰਘ ਸ਼ੁਭ ਕਰਮਨ ਐਗਰੀ ਕਲੀਨਿਕ ਤਾਰਾਗੜ੍ਹ ਨੇ ਕਿਸਾਨਾਂ ਨੂੰ ਵੱਖ-ਵੱਖ ਜਾਣਕਾਰੀ ਦਿੱਤੀ | ਇਸ ਮੌਕੇ ਰਵਿੰਦਰ ਕੌਰ ਏ.ਈ.ਓ., ਹਰਦੀਪ ਸਿੰਘ ਖੇਤੀਬਾੜੀ ਉਪ ਨਿਰੀਖਕ, ਵਿਸ਼ਾਲ ਕੁਮਾਰ, ਸਰਬਜੀਤ ਸਿੰਘ ਗੋਸਲ, ਹਰਜਿੰਦਰ ਸਿੰਘ ਆਦਿ ਮੌਜੂਦ ਸਨ |