ਗੁਰਦਾਸਪੁਰ, 28 ਮਾਰਚ (ਚੱਕਰਾਜਾ/ਗੁਰਪ੍ਰਤਾਪ ਸਿੰਘ)- ਸ਼੍ਰੋਮਣੀ ਅਕਾਲੀ ਦਲ ਵਲੋਂ 'ਪੰਜਾਬ ਬਚਾਓ' ਮੁਹਿੰਮ ਤਹਿਤ ਅੱਜ ਹਲਕਾ ਗੁਰਦਾਸਪੁਰ ਦੇ ਪਿੰਡ ਬੱਬੇਹਾਲੀ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਦੀ ਅਗਵਾਈ ਵਿਚ ਇਕ ਵਿਸ਼ਾਲ ਰੈਲੀ ਕੀਤੀ ਗਈ | ਰੈਲੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਚੇਚੇ ਤੌਰ 'ਤੇ ਹਾਜ਼ਰ ਹੋਏ | ਇਸ ਮੌਕੇ ਵਰਕਰਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੁੰਦਿਆਂ ਵਿਕਾਸ ਦੇ ਪੱਖ ਤੋਂ ਸੂਬੇ ਨੇ ਵੱਡੀਆਂ ਉਲਾਂਘਾਂ ਪੁੱਟੀਆਂ ਸਨ | ਉਨ੍ਹਾਂ ਕਿਹਾ ਕਿ ਪਿੰਡਾਂ ਤੱਕ ਪੱਕੀਆਂ ਸੜਕਾਂ, ਸ਼ਗਨ ਸਕੀਮ, ਕਿਸਾਨਾਂ ਨੂੰ ਮੁਫ਼ਤ ਬਿਜਲੀ, ਗ਼ਰੀਬ ਤਬਕੇ ਨੂੰ ਮੁਫ਼ਤ ਅਨਾਜ, ਬੁਢਾਪਾ ਜਾਂ ਵਿਕਲਾਂਗ ਪੈਨਸ਼ਨ, ਸੇਵਾ ਕੇਂਦਰਾਂ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸਹੂਲਤਾਂ ਦੀ ਗੱਲ ਕਰੀਏ ਤਾਂ ਇਹ ਸਭ ਮਰਹੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਪੰਜਾਬ ਦੇ ਲੋਕਾਂ ਨੂੰ ਦੇਣ ਹਨ, ਜਿਨ੍ਹਾਂ 'ਚੋਂ ਬਹੁਤ ਸਾਰੀਆਂ ਸਕੀਮਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਤੇ ਰਹਿੰਦੀਆਂ ਸਕੀਮਾਂ ਬੰਦ ਹੋਣ ਕਿਨਾਰੇ ਹਨ ਜੋ ਕਿ ਪੰਜਾਬ ਦੇ ਲੋਕਾਂ ਨਾਲ ਵੱਡਾ ਧੋਖਾ ਹੈ | ਮੌਜੂਦਾ ਸਰਕਾਰ 'ਤੇ ਤਿੱਖਾ ਤੰਜ ਕੱਸਦੇ ਹੋਏ ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੀਤੇ ਜਾ ਰਹੇ ਵੱਡੇ-ਵੱਡੇ ਦਾਅਵੇ ਝੂਠ ਦਾ ਪੁਲੰਦਾ ਹਨ ਤੇ ਉਨ੍ਹਾਂ ਉੱਪਰ ਯਕੀਨ ਨਹੀਂ ਕੀਤਾ ਜਾ ਸਕਦਾ | ਉਨ੍ਹਾਂ ਕਿਹਾ ਕਿ ਕਿਸੇ ਸਮੇਂ ਮਿਲਕਫੈੱਡ ਨੂੰ ਪੰਜਾਬ ਦੀ ਸਿਰਮੌਰ ਦੁੱਧ ਉਤਪਾਦਕ ਸੰਸਥਾ ਦੇ ਰੂਪ ਵਿਚ ਦੇਖਿਆ ਜਾਂਦਾ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਮਿਲਕਫੈੱਡ ਵਿਚ ਆਪਣੇ ਬੰਦਿਆਂ ਨੂੰ ਲਗਾ ਕੇ ਉਸ ਵਿਚ ਅਜਿਹੇ ਘੁਟਾਲੇ ਕੀਤੇ ਗਏ ਹਨ ਕਿ ਮਿਲਕਫੈੱਡ ਦੇ ਉਤਪਾਦਾਂ ਦੀ ਗੁਣਵੱਤਾ 'ਚ ਵੱਡੀ ਗਿਰਾਵਟ ਆਈ ਹੈ ਜਿਸ ਕਾਰਨ ਮਿਲਕਫੈੱਡ ਦੇ ਸੈਂਪਲ ਫ਼ੌਜ ਵਲੋਂ ਰੱਦ ਕਰ ਦਿੱਤੇ ਗਏ ਹਨ ਅਤੇ ਪੂਰੇ ਸੂਬੇ ਵਿਚ ਹੀ ਨਹੀਂ, ਪੂਰੇ ਦੇਸ਼ ਵਿਚ ਪੰਜਾਬ ਦੀ ਸਿਰਮੌਰ ਸੰਸਥਾ ਮਿਲਕਫੈੱਡ ਦੀ ਕਿਰਕਰੀ ਹੋਈ ਹੈ | ਉਨ੍ਹਾਂ ਕਿਹਾ ਕਿ ਸੂਬੇ ਅੰਦਰਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਹੁਣ ਤੱਕ ਫ਼ਸਲ ਦੀ ਖ਼ਰੀਦ ਲਈ ਅਗਾੳਾੂ ਪ੍ਰਬੰਧ ਵੀ ਨਹੀਂ ਕੀਤੇ ਗਏ ਸਨ, ਨਾ ਹੀ ਬਾਰਦਾਣਾ ਖ਼ਰੀਦਿਆ ਗਿਆ ਸੀ ਤੇ ਨਾ ਹੀ ਆਉਣ ਵਾਲੀ ਫ਼ਸਲ ਨੰੂ ਮੰਡੀਆਂ ਵਿਚ ਸਾਂਭਣ ਲਈ ਸਰਕਾਰ ਵਲੋਂ ਕੋਈ ਢੁੱਕਵਾਂ ਪ੍ਰਬੰਧ ਕੀਤਾ ਗਿਆ ਜਿਸ ਤੋਂ ਇਹ ਸਾਫ਼ ਜ਼ਾਹਿਰ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਅਤੇ ਪੰਜਾਬ ਦੀ ਕਿਸਾਨੀ ਪ੍ਰਤੀ ਕਿੰਨੀ ਕੁ ਸੁਹਿਰਦਤਾ ਨਾਲ ਕੰਮ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਨੂੰ ਬਚਾਉਣ ਦੀ ਲੋੜ ਹੈ, ਜਿਸ ਲਈ ਸਭ ਲੋਕਾਂ ਨੂੰ ਅੱਗੇ ਆ ਕੇ ਇਕ ਵਾਰ ਫਿਰ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਮੌਕਾ ਦੇਣਾ ਚਾਹੀਦਾ ਹੈ | ਉਨ੍ਹਾਂ ਇਹ ਵਿਸ਼ਵਾਸ ਵੀ ਦਿਵਾਇਆ ਕਿ ਜੇ 2027 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਤਾਂ ਜਿੱਥੇ ਬੁਢਾਪਾ ਪੈਨਸ਼ਨ ਵਿਚ ਵਾਧਾ ਕੀਤਾ ਜਾਵੇਗਾ, ਸ਼ਗਨ ਸਕੀਮ ਇਕ ਲੱਖ ਰੁਪਏ ਤੱਕ ਕੀਤੀ ਜਾਵੇਗੀ, ਉੱਥੇ ਹੀ ਇਸ ਦੇ ਨਾਲ-ਨਾਲ ਬੀਤੇ ਲੰਬੇ ਸਮੇਂ ਤੋਂ ਰੁਕੇ ਕਿਸਾਨਾਂ ਦੇ ਟਿਊਬਵੈੱਲ ਕੁਨੈਕਸ਼ਨ ਪਹਿਲ ਦੇ ਅਧਾਰ 'ਤੇ ਕਿਸਾਨਾਂ ਨੂੰ ਜਾਰੀ ਕੀਤੇ ਜਾਣਗੇ ਤੇ ਪੰਜਾਬ ਅੰਦਰਲੀਆਂ ਨੌਕਰੀਆਂ ਅੰਦਰ ਪੰਜਾਬੀ ਨੌਜਵਾਨਾਂ ਨੰੂ ਪਹਿਲਾ ਹੱਕ ਦਿੱਤਾ ਜਾਵੇਗਾ | ਇਸ ਦੇ ਨਾਲ-ਨਾਲ ਜਿੰਨੀਆਂ ਵੀ ਭਲਾਈ ਸਕੀਮਾਂ ਬੰਦ ਕੀਤੀਆਂ ਹਨ, ਉਨ੍ਹਾਂ ਨੂੰ ਫਿਰ ਤੋਂ ਜਾਰੀ ਕੀਤਾ ਜਾਵੇਗਾ | ਇਸ ਮੌਕੇ ਰੈਲੀ ਵਿਚ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ-ਨਾਲ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਦੇ ਆਗੂ ਸਾਬਕਾ ਕੈਬਨਿਟ ਮੰਤਰੀ ਡਾ: ਦਲਜੀਤ ਸਿੰਘ ਚੀਮਾ, ਸਾਬਕਾ ਕੈਬਨਿਟ ਮੰਤਰੀ ਤੇ ਜ਼ਿਲ੍ਹਾ ਪ੍ਰਧਾਨ ਸੁੱਚਾ ਸਿੰਘ ਲੰਗਾਹ, ਸਾਬਕਾ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ, ਹਲਕਾ ਇੰਚਾਰਜ ਕਾਦੀਆਂ ਗੁਰਇਕਬਾਲ ਸਿੰਘ ਮਾਹਲ, ਹਲਕਾ ਇੰਚਾਰਜ ਦੀਨਾਨਗਰ ਕਮਲਜੀਤ ਚਾਵਲਾ, ਹਲਕਾ ਇੰਚਾਰਜ ਸ੍ਰੀ ਹਰਗੋਬਿੰਦਪੁਰ ਰਾਜਨਬੀਰ ਸਿੰਘ ਘੁਮਾਣ, ਪੰਜਾਬ ਕਿ੍ਸਚਨ ਫ਼ਰੰਟ ਦੇ ਪ੍ਰਧਾਨ ਵਿਕਟਰ ਮਸੀਹ, ਸੀਨੀਅਰ ਆਗੂ ਤਰਲੋਕ ਸਿੰਘ ਬਾਠ ਅਤੇ ਹੋਰ ਆਗੂ ਹਾਜ਼ਰ ਰਹੇ | ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਹੈ ਕਿ ਕਿਸੇ ਅਜਿਹੀ ਸਿਆਸੀ ਰੈਲੀ ਵਿਚ ਇੰਨੀ ਵੱਡੀ ਗਿਣਤੀ 'ਚ ਔਰਤਾਂ ਵਲੋਂ ਸ਼ਮੂਲੀਅਤ ਕੀਤੀ ਗਈ ਹੋਵੇ | ਕਿਤੇ ਨਾ ਕਿਤੇ ਇਹ ਰੈਲੀ ਸ਼ੋ੍ਰਮਣੀ ਅਕਾਲੀ ਦਲ ਦੀਆਂ 2027 ਦੀਆਂ ਚੋਣਾਂ ਦੀਆਂ ਤਿਆਰੀਆਂ ਦੇ ਸ਼ਕਤੀ ਪ੍ਰਦਰਸ਼ਨ ਵਜੋਂ ਸੰਪੰਨ ਹੁੰਦੀ ਦਿਖਾਈ ਦਿੱਤੀ |