ਬਟਾਲਾ, 28 ਮਾਰਚ (ਸਤਿੰਦਰ ਸਿੰਘ)- ਗੁਰੂ ਨਾਨਕ ਕਾਲਜ ਬਟਾਲਾ ਦੇ ਕਾਮਰਸ ਵਿਭਾਗ ਵਲੋਂ ਕਰਵਾਇਆ ਸਾਲਾਨਾ 'ਬਿਜਨਸ ਫੈਸਟ' ਅਕਾਦਮਿਕ ਤੇ ਵਿਹਾਰਕ ਸਿੱਖਿਆ ਦਾ ਸੁਮੇਲ ਹੋ ਨਿਬੜਿਆ | ਸਮਾਗਮ ਵਿਚ ਵਿਦਿਆਰਥੀਆਂ ਨੇ ਆਪਣੀ ਰਚਨਾਤਮਕ ਸੋਚ ਤੇ ਨਵੀਨਤਮ ਕਾਰੋਬਾਰੀ ਵਿਚਾਰਾਂ ਰਾਹੀਂ ਪੂਰੇ ਕੈਂਪਸ 'ਚ ਉਤਸ਼ਾਹ ਦਾ ਮਾਹੌਲ ਸਿਰਜ ਦਿੱਤਾ | ਸਮਾਗਮ ਦਾ ਉਦਘਾਟਨ ਕਰਦਿਆਂ ਕਾਲਜ ਦੇ ਪਿ੍ੰਸੀਪਲ ਡਾ. ਚਰਨਜੀਤ ਸਿੰਘ ਨੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਨੂੰ ਸਿਰਫ਼ ਕਿਤਾਬੀ ਗਿਆਨ ਤੱਕ ਸੀਮਤ ਨਹੀਂ ਰੱਖਦੇ, ਸਗੋਂ ਉਨ੍ਹਾਂ ਨੂੰ ਭਵਿੱਖ ਦੇ ਸਫ਼ਲ ਉਦਯੋਗਪਤੀ ਬਣਨ ਲਈ ਪ੍ਰੈਕਟੀਕਲ ਮੰਚ ਪ੍ਰਦਾਨ ਕਰਦੇ ਹਨ | ਕਾਮਰਸ ਵਿਭਾਗ ਦੇ ਮੁਖੀ ਪ੍ਰੋ. ਰਾਜਬੀਰ ਕੌਰ ਨੇ ਦੱਸਿਆ ਕਿ ਇਸ ਫੈਸਟ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਪ੍ਰਬੰਧਕੀ ਹੁਨਰ ਤੇ ਆਤਮ-ਵਿਸ਼ਵਾਸ ਪੈਦਾ ਕਰਨਾ ਹੈ | ਸਮਾਗਮ ਦੌਰਾਨ ਵਿਦਿਆਰਥੀਆਂ ਵਲੋਂ ਵੱਖ-ਵੱਖ ਸਟਾਰਟਅੱਪ ਮਾਡਲਾਂ ਤੇ ਪ੍ਰਦਰਸ਼ਨੀਆਂ ਦੇ ਸਟਾਲ ਲਗਾਏ ਗਏ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਹਾਜ਼ਰ ਇਕਨਾਮਿਕਸ ਵਿਭਾਗ ਦੇ ਪ੍ਰੋ. ਅਮਨਦੀਪ ਕੌਰ ਤੇ ਪ੍ਰੋ. ਸ਼ੁਭਪ੍ਰੀਤ ਕੌਰ ਨੇ ਵੀ ਵਿਦਿਆਰਥੀਆਂ ਦੇ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ |