ਪਠਾਨਕੋਟ, 28 ਮਾਰਚ (ਸੁਮਿਤ)-ਸਮਾਜ ਸੇਵਾ ਪ੍ਰਤੀ ਸ਼ਲਾਘਾਯੋਗ ਉਪਰਾਲਾ ਕਰਦਿਆਂ ਆਲ ਇੰਡੀਆ ਬਰਾਈਟ ਫਿਊਚਰ ਆਰਗੇਨਾਈਜ਼ੇਸ਼ਨ ਵਲੋਂ ਬਸੰਤ ਕਾਲੋਨੀ ਪਠਾਨਕੋਟ ਵਿਖੇ ਨਵੇਂ ਸਿਲਾਈ ਸੈਂਟਰ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਸੰਸਥਾ ਦੀ ਪ੍ਰਧਾਨ ਰੰਜਨਾ ਮਹਾਜਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਜਦਕਿ ਕਮਲ ਵੈੱਲਫੇਅਰ ਟਰੇਨਿੰਗ ਦੇ ਮੁਖੀ ਮੈਡਮ ਕਮਲ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਪ੍ਰੋਗਰਾਮ ਦੌਰਾਨ ਰੰਜਨਾ ਮਹਾਜਨ ਨੇ ਦੱਸਿਆ ਕਿ ਇਸ ਸਿਲਾਈ ਸੈਂਟਰ ਦਾ ਉਦੇਸ਼ ਇਲਾਕੇ ਦੀਆਂ ਲੜਕੀਆਂ ਤੇ ਔਰਤਾਂ ਨੂੰ ਆਤਮ ਨਿਰਭਰ ਬਣਾਉਣਾ ਹੈ | ਉਨ੍ਹਾਂ ਕਿਹਾ ਕਿ ਇੱਥੇ ਲੋੜਵੰਦ ਲੜਕੀਆਂ ਨੂੰ ਮੁਫ਼ਤ ਸਿਲਾਈ ਦੀ ਸਿਖਲਾਈ ਦਿੱਤੀ ਜਾਵੇਗੀ ਤਾਂ ਜੋ ਉਹ ਭਵਿੱਖ ਵਿਚ ਆਪਣੇ ਪੈਰਾਂ 'ਤੇ ਖੜ੍ਹੀਆਂ ਹੋ ਕੇ ਪਰਿਵਾਰ ਦੀ ਆਰਥਿਕ ਹਾਲਤ ਨੂੰ ਮਜ਼ਬੂਤ ਕਰਨ ਵਿਚ ਯੋਗਦਾਨ ਪਾ ਸਕਣ | ਉਨ੍ਹਾਂ ਦੱਸਿਆ ਕਿ ਇਸ ਸਿਖਲਾਈ ਪ੍ਰੋਗਰਾਮ ਦੀ ਮਿਆਦ 6 ਮਹੀਨੇ ਰੱਖੀ ਗਈ ਹੈ | ਭਾਗੀਦਾਰਾਂ ਨੂੰ ਕੋਰਸ ਪੂਰਾ ਕਰਨ ਤੋਂ ਬਾਅਦ ਸਰਟੀਫਿਕੇਟ ਪ੍ਰਦਾਨ ਕੀਤੇ ਜਾਣਗੇ, ਜਿਸ ਨਾਲ ਉਨ੍ਹਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਾਪਤ ਕਰਨ ਵਿਚ ਮਦਦ ਮਿਲੇਗੀ | ਇਹ ਉਪਰਾਲਾ ਉਨ੍ਹਾਂ ਲੜਕੀਆਂ ਲਈ ਵਿਸ਼ੇਸ਼ ਤੌਰ 'ਤੇ ਲਾਹੇਵੰਦ ਸਾਬਤ ਹੋਵੇਗਾ ਜੋ ਵਿੱਤੀ ਕਾਰਨਾਂ ਕਰਕੇ ਅੱਗੇ ਦੀ ਸਿੱਖਿਆ ਜਾਂ ਸਿਖਲਾਈ ਲੈਣ ਤੋਂ ਅਸਮਰਥ ਹਨ |