ਪਠਾਨਕੋਟ, 28 ਮਾਰਚ (ਸੰਧੂ)- ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨੇੜੇ ਹੀ ਵਧੀਆ ਤੇ ਮੁਫ਼ਤ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਮਕਸਦ ਨਾਲ ਪਠਾਨਕੋਟ ਦੇ ਛੋਟਾ ਦੌਲਤਪੁਰ ਵਿਖੇ ਆਮ ਆਦਮੀ ਕਲੀਨਿਕ ਦੀ ਸ਼ੁਰੂਆਤ ਕੀਤੀ ਗਈ ਹੈ | ਕਲੀਨਿਕ ਦਾ ਉਦਘਾਟਨ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸੌਰਭ ਬਹਿਲ ਵਲੋਂ ਕੀਤਾ ਗਿਆ | ਉਦਘਾਟਨੀ ਸਮਾਗਮ ਦੌਰਾਨ ਵਾਰਡ ਇੰਚਾਰਜ ਗੌਰਵ ਕੁਮਾਰ ਵਲੋਂ ਸੌਰਭ ਬਹਿਲ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ | ਸੰਬੋਧਨ ਕਰਦੇ ਹੋਏ ਸੌਰਭ ਬਹਿਲ ਨੇ ਕਿਹਾ ਕਿ ਆਮ ਆਦਮੀ ਕਲੀਨਿਕ ਖੁੱਲ੍ਹਣ ਨਾਲ ਇਲਾਕਾ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ | ਉਨ੍ਹਾਂ ਕਿਹਾ ਕਿ ਹੁਣ ਲੋਕਾਂ ਨੂੰ ਛੋਟੀਆਂ-ਮੋਟੀਆਂ ਬਿਮਾਰੀਆਂ ਦੇ ਇਲਾਜ ਲਈ ਦੂਰ-ਦਰਾਜ ਹਸਪਤਾਲਾਂ ਵਿਚ ਨਹੀਂ ਜਾਣਾ ਪਵੇਗਾ, ਸਗੋਂ ਉਨ੍ਹਾਂ ਨੂੰ ਘਰ ਨੇੜੇ ਹੀ ਸਹੂਲਤਾਂ ਉਪਲਬਧ ਹੋਣਗੀਆਂ | ਉਨ੍ਹਾਂ ਦੱਸਿਆ ਕਿ ਇਸ ਕਲੀਨਿਕ ਵਿਚ 40 ਤੋਂ ਵੱਧ ਤਰ੍ਹਾਂ ਦੇ ਮੈਡੀਕਲ ਟੈੱਸਟ ਮੁਫ਼ਤ ਕੀਤੇ ਜਾਣਗੇ | ਇਸ ਦੇ ਨਾਲ ਹੀ ਕਲੀਨਿਕ ਵਿਚ ਐਂਟੀ ਰੇਬੀਜ਼ ਇੰਜੈੱਕਸ਼ਨ ਦੀ ਸੁਵਿਧਾ ਵੀ ਸ਼ੁਰੂ ਕੀਤੀ ਗਈ ਹੈ ਜੋ ਕਿ ਲੋਕਾਂ ਲਈ ਮਹੱਤਵਪੂਰਨ ਸਹੂਲਤ ਹੈ | ਸੌਰਭ ਬਹਿਲ ਨੇ ਕਿਹਾ ਕਿ ਸਰਕਾਰ ਵਲੋਂ ਸਿਹਤ ਖੇਤਰ 'ਚ ਕੀਤੀਆਂ ਜਾ ਰਹੀਆਂ ਇਹ ਕੋਸ਼ਿਸ਼ਾਂ ਲੋਕਾਂ ਦੀ ਭਲਾਈ ਲਈ ਹਨ | ਇਸ ਮੌਕੇ ਧਰੁਵ, ਸ਼ਿਵਮ ਸ਼ਰਮਾ, ਅਮਨ, ਰਵਿੰਦਰ ਕੁਮਾਰ, ਰਮੇਸ਼ ਕੁਮਾਰ, ਸੂਰਜ, ਸੁਨੀਲ ਕੁਮਾਰ ਸਮੇਤ ਹੋਰ ਆਗੂ ਹਾਜ਼ਰ ਸਨ |