ਪਠਾਨਕੋਟ, 28 ਮਾਰਚ (ਸੰਧੂ) - ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਪਠਾਨਕੋਟ ਵਲੋਂ ਪਠਾਨਕੋਟ ਦੇ ਪਿੰਡ ਲਮੀਨੀ ਸਥਿਤ ਅਵਤਾਰ ਸਿੰਘ ਕਲੇਰ ਦੇ ਘਰ ਵਿਖੇ ਜ਼ਿਲ੍ਹਾ ਅਬਜ਼ਰਵਰ ਗੁਰਬਚਨ ਸਿੰਘ ਬੱਬੇਹਾਲੀ, ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਕਨਵਰ ਮਿੰਟੂ ਅਤੇ ਅਵਤਾਰ ਸਿੰਘ ਕਲੇਰ ਦੀ ਅਗਵਾਈ 'ਚ ਵਿਸ਼ਾਲ ਮੀਟਿੰਗ ਕੀਤੀ ਗਈ ਜਿਸ ਵਿਚ ਪਾਰਟੀ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹੁੰਚੇ | ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜੋ ਵਿਕਾਸ ਕਾਰਜ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ 22 ਸਾਲਾਂ ਵਿਚ ਪੰਜਾਬ ਵਿਚ ਹੋਏ, ਉਹ ਪਹਿਲਾਂ ਕਦੇ ਨਹੀਂ ਹੋਏ, ਨਾ ਹੀ ਕੋਈ ਹੋਰ ਪਾਰਟੀ ਦੀ ਸਰਕਾਰ ਕਰ ਸਕੀ ਹੈ | ਉਨ੍ਹਾਂ ਦੱਸਿਆ ਕਿ ਪ੍ਰਕਾਸ਼ ਸਿੰਘ ਬਾਦਲ ਨੇ ਜ਼ਿਲ੍ਹਾ ਪਠਾਨਕੋਟ ਅੰਦਰ ਥੀਨ ਡੈਮ ਦੀ ਉਸਾਰੀ ਸ਼ੁਰੂ ਕਰਵਾਈ ਤੇ ਉਨ੍ਹਾਂ ਨੇ ਹੀ ਇਸ ਦੀ ਉਸਾਰੀ ਮੁਕੰਮਲ ਕਰਵਾਈ | ਸ਼ਾਹਪੁਰ ਕੰਢੀ ਡੈਮ ਵੀ ਪ੍ਰਕਾਸ਼ ਸਿੰਘ ਬਾਦਲ ਦੀ ਹੀ ਦੇਣ ਹੈ | ਉਨ੍ਹਾਂ ਕਿਹਾ ਸੂਬੇ ਅੰਦਰ ਜਿੰਨੇ ਏਅਰਪੋਰਟ, ਥਰਮਲ ਪਲਾਂਟ, ਫਲਾਈਓਵਰ ਹਨ, ਉਹ ਅਕਾਲੀ ਦਲ ਦੀ ਸਰਕਾਰ ਦੇ ਕਾਰਜਕਾਲ ਵਿਚ ਹੀ ਬਣੇ | ਉਨ੍ਹਾਂ ਅਪੀਲ ਕੀਤੀ ਕਿ ਪੰਜਾਬ ਨੂੰ ਬਚਾਅ ਲਈਏ, ਪੰਜਾਬ ਨੂੰ ਤਗੜਾ ਕਰੀਏ, ਪੰਜਾਬ ਦੀ ਮਾਂ ਪਾਰਟੀ ਅਕਾਲੀ ਦਲ ਨੂੰ ਮਜ਼ਬੂਤ ਕਰੀਏ | ਉਨ੍ਹਾਂ ਕਿਹਾ ਕਿ ਮੌਜੂਦਾ ਆਪ ਸਰਕਾਰ ਜੋ ਸੂਬੇ ਦੀਆਂ ਮਹਿਲਾਵਾਂ ਨੂੰ 1000 ਰੁਪਏ ਦੇਣ ਦਾ ਐਲਾਨ ਕਰ ਚੁੱਕੀ ਹੈ, ਉਹ ਪੈਸੇ ਸੂਬੇ ਦੀਆਂ ਜਾਇਦਾਤਾਂ ਨੂੰ ਵੇਚ ਕੇ ਆ ਰਹੇ ਹਨ ਜੋ ਕਿ ਸ਼ਰਮਨਾਕ ਗੱਲ ਹੈ | ਉਨ੍ਹਾਂ ਕਿਹਾ ਕਿ ਸੂਬੇ ਅੰਦਰ ਗੁੰਡਾਰਾਜ ਤੇ ਨਸ਼ਾ ਦਾ ਜਾਲ ਪੂਰੀ ਤਰ੍ਹਾਂ ਫੈਲ ਚੁੱਕਾ ਹੈ | ਉਨ੍ਹਾਂ ਕਿਹਾ ਕਿ ਬੇਸ਼ਕ ਸੂਬੇ ਅੰਦਰ ਮੁੱਖ ਮੰਤਰੀ ਭਗਵੰਤ ਮਾਨ ਹਨ ਪਰ ਲੱਗਦਾ ਇਸ ਤਰ੍ਹਾਂ ਹੈ ਕਿ ਕੇਜਰੀਵਾਲ ਪੰਜਾਬ 'ਤੇ ਰਾਜ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਸੂਬੇ ਦੀ ਜਨਤਾ ਸੂਬੇ ਅੰਦਰ 2027 ਵਿਚ ਅਕਾਲੀ ਦਲ ਦੀ ਸਰਕਾਰ ਬਣਾਏ ਤੇ ਸੂਬੇ ਅੰਦਰ ਅਕਾਲੀ ਦਲ ਦੀ ਸਰਕਾਰ ਬਣਦੇ ਸਾਰ ਹੀ ਸੂਬੇ ਦੇ ਲੋਕਾਂ ਨੂੰ 30 ਕਿਲੋ ਕਣਕ ਚਾਰ ਰੁਪਏ ਵਿਚ, 20 ਰੁਪਏ ਕਿਲੋ ਦਾਲਾਂ, 3100 ਰੁਪਏ ਬਜ਼ੁਰਗਾਂ ਦੀ ਪੈਨਸ਼ਨ, ਇਕ ਲੱਖ ਰੁਪਏ ਸ਼ਗਨ ਸਕੀਮ ਲਈ ਦਿੱਤੇ ਜਾਣਗੇ | ਉਨ੍ਹਾਂ ਕਿਹਾ ਇਸ ਦੇ ਨਾਲ ਹੀ ਸੂਬੇ ਦੇ ਅੰਦਰ ਉਨ੍ਹਾਂ ਕੋਲ ਇਕ ਮਾਸਟਰ ਪਲਾਨ ਹੈ ਜਿਸ ਤਹਿਤ ਦਸਵੀਂ, ਬਾਰਵੀਂ ਜਾਂ ਬੀ.ਏ. ਕਰਕੇ ਜੋ ਨੌਜਵਾਨਾਂ ਨੂੰ ਨੌਕਰੀ ਨਹੀਂ ਮਿਲਦੀ, ਉਸ ਨੂੰ ਲੈ ਕੇ ਉਹ ਸੂਬੇ ਵਿਚ ਸਰਕਾਰ ਬਣਨ ਤੋਂ ਬਾਅਦ ਵਰਲਡ ਸਕਿਲ ਯੂਨੀਵਰਸਿਟੀ ਦੀ ਸਥਾਪਨਾ ਕਰਨਗੇ ਜਿਸ ਵਿਚ ਵੱਡੀਆਂ ਵੱਡੀਆਂ ਕੰਪਨੀਆਂ ਲਈ ਪੰਜਾਬ ਦੇ ਨੌਜਵਾਨਾਂ ਨੂੰ ਸਕਿਲ ਸਿਖਾਈ ਜਾਵੇਗੀ | ਉਨ੍ਹਾਂ ਕਿਹਾ ਕਿ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਬਣਨ 'ਤੇ 10 ਲੱਖ ਰੁਪਏ ਦਾ ਕਰਜ਼ਾ ਸਵੈ-ਰੁਜ਼ਗਾਰ ਲਈ ਦਿੱਤਾ ਜਾਵੇਗਾ | 2027 ਵਿਚ ਅਕਾਲੀ ਦਲ ਦੀ ਸਰਕਾਰ ਆਉਣ 'ਤੇ ਸੂਬੇ ਅੰਦਰ ਵੱਡੇ ਪੱਧਰ 'ਤੇ ਪਠਾਨਕੋਟ ਨੂੰ ਟੂਰਿਜ਼ਮ ਦੇ ਨਕਸ਼ੇ 'ਤੇ ਡਿਵੈਲਪ ਕੀਤਾ ਜਾਵੇਗਾ, ਜਿਸ ਨਾਲ ਇੱਥੇ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ | ਇਸ ਮੌਕੇ ਉਨ੍ਹਾਂ ਵਲੋਂ ਅਵਤਾਰ ਸਿੰਘ ਕਲੇਰ ਨੂੰ ਵੱਡੀ ਜਿੰਮੇਵਾਰੀ ਸੌਂਪਦੇ ਹੋਏ ਜ਼ਿਲ੍ਹਾ ਪਠਾਨਕੋਟ ਦਿਹਾਤੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ | ਪ੍ਰੋਗਰਾਮ ਦੌਰਾਨ ਕਾਂਗਰਸ ਦੇ ਸਾਬਕਾ ਵਿਧਾਇਕ ਪਠਾਨਕੋਟ ਰਾਮ ਸਰੂਪ ਬਾਗੀ ਦੇ ਬੇਟੇ ਵਿਜੇ ਬਾਗੀ ਅਕਾਲੀ ਦਲ 'ਚ ਸ਼ਾਮਿਲ ਹੋਏ | ਇਸ ਤੋਂ ਇਲਾਵਾ ਵੱਖ-ਵੱਖ ਪਾਰਟੀਆਂ ਦੇ ਆਗੂਆਂ ਜਿਨ੍ਹਾਂ ਵਿਚ ਸੋਮਰਾਜ ਸਾਬਕਾ ਸੰਮਤੀ ਮੈਂਬਰ, ਸਾਬਕਾ ਸਰਪੰਚ ਬਸਰੂਪ ਬਲਵੰਤ, ਸਾਬਕਾ ਸਰਪੰਚ ਇਸਲਾਮਪੁਰ ਮਨਜਿੰਦਰ ਕਲੇਰ, ਸਰਪੰਚ ਲਮੀਨੀ ਸੀਮਾ ਦੇਵੀ, ਸਰਪੰਚ ਪੰਗੋਲੀ ਭਾਜਪਾ, ਸੁਨੀਲ ਜੋਸ਼ੀ ਪੰਚ ਬਰੂਕਲੀ, ਤਰਸੇਮ ਲਾਲ ਸੀਨੀਅਰ ਕਾਂਗਰਸੀ ਆਗੂ, ਹਰਦਿਆਲ ਸਿੰਘ ਜਨਰਲ ਸਕੱਤਰ ਆਲ ਇੰਡੀਆ ਜੱਟ ਮਹਾਂ ਸਭਾ, ਅਜੇ ਮਹਾਜਨ ਯੁਵਾ ਮੋਰਚਾ ਭਾਜਪਾ ਪਠਾਨਕੋਟ ਆਗੂ, ਰਮਨ ਸ਼ਰਮਾ ਸਾਬਕਾ ਪੰਚ, ਸਾਬਕਾ ਜ਼ਿਲ੍ਹਾ ਜਨਰਲ ਸਕੱਤਰ ਕਾਂਗਰਸ, ਸੁਭਾਸ਼ ਕੁਮਾਰ, ਮਨਮੋਹਨ ਸਿੰਘ ਕਾਹਲੋਂ ਮੀਡੀਆ ਇੰਚਾਰਜ ਆਲ ਇੰਡੀਆ ਜੱਟ ਮਹਾਂਸਭਾ, ਸਾਬਕਾ ਵਿਧਾਇਕ ਰਾਮ ਲਾਲ ਦੇ ਪੁੱਤਰ ਵਿਨੈ ਕੁਮਾਰ, ਅਨਮੋਲ ਕਲੇਰ ਸਾਬਕਾ ਸਰਪੰਚ, ਮੌਜੂਦਾ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਿਸਾਨ ਵਿੰਗ ਤੇ ਜ਼ਿਲ੍ਹਾ ਪ੍ਰਧਾਨ ਐਨ.ਐਸ.ਯੂ.ਆਈ. ਨੇ ਅਕਾਲੀ ਦਲ 'ਚ ਸ਼ਮੂਲੀਅਤ ਕੀਤੀ ਜਿਨ੍ਹਾਂ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ 'ਚ ਸ਼ਾਮਿਲ ਕੀਤਾ | ਪ੍ਰੋਗਰਾਮ ਦੌਰਾਨ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਕਨਵਰ ਮਿੰਟੂ, ਗੁਰਬਚਨ ਸਿੰਘ ਬੱਬੇਹਾਲੀ, ਅਵਤਾਰ ਸਿੰਘ ਕਲੇਰ, ਜ਼ਿਲ੍ਹਾ ਯੂਥ ਪ੍ਰਧਾਨ ਗੁਰਪ੍ਰੀਤ ਸਿੰਘ ਗੁਰੂ, ਕੰਚਨਪ੍ਰੀਤ ਹਲਕਾ ਇੰਚਾਰਜ ਤਰਨਤਾਰਨ, ਹਲਕਾ ਇੰਚਾਰਜ ਸੁਜਾਨਪੁਰ ਸੰਜੀਵ ਸ਼ਰਮਾ, ਸਾਬਕਾ ਵਿਧਾਇਕ ਅਸ਼ੋਕ ਸ਼ਰਮਾ, ਹਲਕਾ ਭੋਆ ਪ੍ਰਧਾਨ ਰਵੀ ਮੋਹਨ ਨੇ ਵੀ ਸੰਬੋਧਨ ਕੀਤਾ | ਪ੍ਰੋਗਰਾਮ ਵਿਚ ਜਥੇਦਾਰ ਗੁਰਜੀਤ ਸਿੰਘ ਵਿਨੇ ਸ਼ਰਮਾ, ਪ੍ਰੀਤਮ ਸਿੰਘ ਰਮਨ ਸ਼ਰਮਾ, ਰਵਿੰਦਰ ਸਿੰਘ ਜੱਗਾ ਆਦਿ ਹਾਜ਼ਰ ਸਨ |