ਘਰੋਟਾ, 2 ਅਪ੍ਰੈਲ (ਸੰਜੀਵ ਗੁਪਤਾ)- ਖੇਤਰ ਦੇ ਪਿੰਡ ਝਲੋਆ, ਨਵਾਂ ਪਿੰਡ ਤੇ ਪਪਿਆਲ ਦੇ ਵਸਨੀਕਾਂ ਨੂੰ ਲੰਮੇ ਸਮੇਂ ਤੋਂ ਆ ਰਹੀ ਬਿਜਲੀ ਸਮੱਸਿਆ ਤੋਂ ਹੁਣ ਰਾਹਤ ਮਿਲਣ ਦੀ ਉਮੀਦ ਜਾਗੀ ਹੈ | ਲੋਕਾਂ ਦੀ ਲਗਾਤਾਰ ਮੰਗ ਨੂੰ ਦੇਖਦਿਆਂ ਪਾਵਰਕਾਮ ਵਿਭਾਗ ਵਲੋਂ ਮਹੱਤਵਪੂਰਨ ਫ਼ੈਸਲਾ ਲਿਆ ਗਿਆ ਹੈ | ਜਾਣਕਾਰੀ ਮੁਤਾਬਿਕ ਤਿੰਨਾਂ ਪਿੰਡਾਂ ਦੀ ਬਿਜਲੀ ਸਪਲਾਈ ਮੁੜ ਅਜੀਜ਼ਪੁਰ ਫੀਡਰ ਨਾਲ ਜੋੜੀ ਜਾਵੇਗੀ | ਪਹਿਲਾਂ ਵੀ ਇਹ ਪਿੰਡ ਅਜ਼ੀਜ਼ਪੁਰ-ਨਾਜੋਚੱਕ ਲਾਈਨ ਨਾਲ ਜੁੜੇ ਹੋਏ ਸਨ ਜਿਸ ਨਾਲ ਬਿਜਲੀ ਸਪਲਾਈ ਬਿਲਕੁਲ ਠੀਕ ਤੇ ਨਿਰਵਿਘਨ ਰਹਿੰਦੀ ਸੀ ਪਰ ਲਗਪਗ ਦੋ ਸਾਲ ਪਹਿਲਾਂ ਇਸ ਸਪਲਾਈ ਨੂੰ ਡੇਹਰੀਵਾਲ ਫੀਡਰ ਨਾਲ ਜੋੜ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਸਮੱਸਿਆਵਾਂ ਸ਼ੁਰੂ ਹੋ ਗਈਆਂ | ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਲਾਈਨ ਲੰਮੀ ਹੋਣ ਤੇ ਮੌਸਮ ਖ਼ਰਾਬ ਹੋਣ ਕਾਰਨ ਕਈ-ਕਈ ਦਿਨ ਬਿਜਲੀ ਬੰਦ ਰਹਿੰਦੀ ਸੀ ਜਿਸ ਨਾਲ ਰੋਜ਼ਾਨਾ ਜੀਵਨ ਬਹੁਤ ਪ੍ਰਭਾਵਿਤ ਹੋ ਰਿਹਾ ਸੀ | ਇਸ ਗੰਭੀਰ ਮਾਮਲੇ ਨੂੰ ਲੈ ਕੇ ਲੋਕਾਂ ਨੇ ਕੈਬਨਿਟ ਮੰਤਰੀ ਅੱਗੇ ਆਪਣੀ ਗੱਲ ਰੱਖੀ | ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਪਾਵਰਕਾਮ ਤੇ ਪੰਚਾਇਤ ਵਿਭਾਗ ਦੀ ਟੀਮ ਵਲੋਂ ਮੌਕੇ ਦਾ ਦੌਰਾ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ | ਅਧਿਕਾਰੀਆਂ ਵਲੋਂ ਭਰੋਸਾ ਦਿੱਤਾ ਗਿਆ ਕਿ ਅਗਲੇ ਹੀ ਦਿਨ ਤੋਂ ਇਸ ਫ਼ੈਸਲੇ ਨੂੰ ਅਮਲੀ ਰੂਪ ਦਿੱਤਾ ਜਾਵੇਗਾ | ਮੌਕੇ 'ਤੇ ਮੌਜੂਦ ਪਾਵਰਕਾਮ ਦੇ ਐਸ.ਡੀ.ਓ. ਸੁਮਿਤ ਕੁਮਾਰ ਤੇ ਬਲਾਕ ਸਮਿਤੀ ਚੇਅਰਮੈਨ ਪਵਨ ਕੁਮਾਰ, ਬਲਾਕ ਪ੍ਰਧਾਨ ਬਲਬੀਰ ਕੁਮਾਰ, ਸਰਪੰਚ ਸਤੀਸ਼ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਜਲਦੀ ਹੀ ਬਿਜਲੀ ਸਪਲਾਈ ਸੁਚਾਰੂ ਕਰ ਦਿੱਤੀ ਜਾਵੇਗੀ | ਇਸ ਫ਼ੈਸਲੇ ਨਾਲ ਤਿੰਨਾਂ ਪਿੰਡਾਂ ਦੇ ਲੋਕਾਂ 'ਚ ਖ਼ੁਸ਼ੀ ਦੀ ਲਹਿਰ ਹੈ ਤੇ ਉਨ੍ਹਾਂ ਨੇ ਸਰਕਾਰ ਤੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਹੈ |