ਬਟਾਲਾ, 3 ਅਪ੍ਰੈਲ (ਸਤਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਬਟਾਲਾ ਦੇ ਇੰਚਾਰਜ ਨਰੇਸ਼ ਮਹਾਜਨ ਨੇ ਪਿੰਡ ਬੁੱਟਰ ਵਿਖੇ ਅਕਾਲੀ ਦਲ ਦੇ ਵਰਕਰਾਂ ਨਾਲ ਮੀਟਿੰਗ ਕਰਨ ਉਪਰੰਤ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣਨ ਤੋਂ ਬਾਅਦ ਕਿਹਾ ਕਿ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਯੂਰੀਆ ਖਾਦ ਦੀ ਬਲੈਕ ਜ਼ੋਰਾਂ 'ਤੇ ਚੱਲ ਰਹੀ ਹੈ, ਜਿਸ ਕਰ ਕੇ ਕਿਸਾਨਾਂ ਨੂੰ ਯੂਰੀਆ ਖਾਦ ਨਹੀ ਮਿਲ ਰਹੀ ਤੇ ਇਸ ਨਾਲ ਫਸਲਾਂ ਪ੍ਰਭਾਵਿਤ ਹੋ ਰਹੀਆਂ ਹਨ | ਮਹਾਜਨ ਨੇ ਕਿਹਾ ਕਿ ਉਨ੍ਹਾਂ ਨੂੰ ਕਿਸਾਨਾਂ ਨੇ ਦੱਸਿਆ ਹੈ ਕਿ ਥੋੜੇ ਦਿਨ ਪਹਿਲਾਂ ਹੀ ਬਟਾਲਾ ਵਿਖੇ ਯੂਰੀਆ ਖਾਦ ਦਾ ਰੈਕ ਆਇਆ ਹੈ ਪਰ ਕਿਸੇ ਵੀ ਦੁਕਾਨ ਤੋਂ ਯੂਰੀਆ ਖਾਦ ਕਿਸਾਨਾਂ ਨੂੰ ਨਹੀਂ ਮਿਲ ਰਹੀ ਤੇ ਜੇਕਰ ਕੋਈ ਕਿਸਾਨ ਯੂਰੀਆ ਖਾਦ ਲੈਣ ਦੁਕਾਨ 'ਤੇ ਜਾਂਦਾ ਹੈ ਤਾਂ ਉਸ ਨੂੰ ਦੁਕਾਨਦਾਰ ਧੱਕੇ ਨਾਲ ਬਾਇਓ ਤੇ ਜਿੰਕ ਦਵਾਈ ਵੀ ਦਿੱਤੀ ਜਾ ਰਹੀ, ਜਿਸ ਦੀ ਕਿਸਾਨਾਂ ਨੂੰ ਕੋਈ ਲੋੜ ਨਹੀਂ ਹੈ ਪਰ ਧੱਕੇ ਨਾਲ ਕਿਸਾਨਾਂ ਦੀ ਲੁੱਟ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਇਹ ਸਭ ਕੁਝ ਪ੍ਰਸ਼ਾਸਨ ਤੇ ਖੇਤੀਬਾੜੀ ਮਹਿਕਮੇ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਹੋ ਰਿਹਾ ਹੈ, ਜੇਕਰ ਜਲਦ ਹੀ ਪ੍ਰਸ਼ਾਸਨ ਨੇ ਕਾਲਾਬਾਜ਼ਾਰੀ ਕਰਨ ਵਾਲੇ ਦੁਕਾਨਦਾਰਾਂ ਖਿਲਾਫ਼ ਸ਼ਿਕੰਜਾ ਨਾ ਕੱਸਿਆ ਤੇ ਕਿਸਾਨਾਂ ਦੀ ਲੁੱਟ ਨੂੰ ਨਾ ਰੋਕਿਆ ਤਾਂ ਸ਼੍ਰੋਮਣੀ ਅਕਾਲੀ ਦਲ ਤਿੱਖਾ ਸੰਘਰਸ਼ ਵਿੱਢੇਗਾ | ਇਸ ਮੌਕੇ ਬਲਵਿੰਦਰ ਸਿੰਘ ਚੱਠਾ, ਸਹਿਜਪਾਲ ਸਿੰਘ ਗੁਰਾਇਆ, ਸਰੂਪ ਸਿੰਘ ਸਾਬਕਾ ਸਰਪੰਚ, ਹਰਜੀਤ ਸਿੰਘ ਸਾਬਕਾ ਸਰਪੰਚ, ਸੁਖਦੇਵ ਸਿੰਘ, ਸੁਖਬੀਰ ਸਿੰਘ, ਸੁਲੱਖਣ ਸਿੰਘ, ਸਿਮਰਜੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ |