ਵਡਾਲਾ ਗ੍ਰੰਥੀਆਂ, 3 ਅਪ੍ਰੈਲ (ਗੁਰਪ੍ਰਤਾਪ ਸਿੰਘ ਕਾਹਲੋਂ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਵਲੋਂ ਚੋਣਾਂ ਦੌਰਾਨ ਕੀਤਾ ਗਿਆ ਵਾਅਦਾ ਹੁਣ ਹਕੀਕਤ ਦਾ ਰੂਪ ਧਾਰਦਾ ਦਿਸ ਰਿਹਾ ਹੈ | 'ਮਾਵਾਂ-ਧੀਆਂ ਸਕੀਮ' ਤਹਿਤ ਮਹਿਲਾਵਾਂ ਨੂੰ ਆਰਥਿਕ ਸਹਾਇਤਾ ਦੇਣ ਲਈ 13 ਅਪ੍ਰੈਲ ਤੋਂ ਰਜਿਸਟਰੇਸ਼ਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿਸ ਨੂੰ ਲੈ ਕੇ ਪਿੰਡਾਂ 'ਚ ਜਾਗਰੂਕਤਾ ਮੁਹਿੰਮ ਵੀ ਤੇਜ਼ ਕਰ ਦਿੱਤੀ ਗਈ ਹੈ | ਇਸ ਸੰਬੰਧੀ ਵਿਧਾਨ ਸਭਾ ਹਲਕਾ ਬਟਾਲਾ ਦੇ ਪਿੰਡ ਧੰਨੇ ਵਿਖੇ ਭਰਵੀਂ ਮੀਟਿੰਗ ਦੌਰਾਨ ਜ਼ਿਲ੍ਹਾ ਮੈਂਬਰ ਮਿੱਤਰਪਾਲ ਸਿੰਘ ਦੌਲਤਪੁਰ, ਬਲਵਿੰਦਰ ਸਿੰਘ ਸਰਪੰਚ ਧੰਨੇ, ਜਰਨੈਲ ਸਿੰਘ ਸਾਬਕਾ ਸਰਪੰਚ ਧੰਨੇ, ਕਰਨੈਲ ਸਿੰਘ ਸਰਪੰਚ ਵਡਾਲਾ ਗ੍ਰੰਥੀਆਂ ਤੇ ਕਰਮ ਸਿੰਘ ਸਰਪੰਚ ਬਸਤੀ ਥਿੰਦ ਨੇ ਮਹਿਲਾਵਾਂ ਨੂੰ ਇਸ ਯੋਜਨਾ ਬਾਰੇ ਜਾਗਰੂਕ ਕੀਤਾ | ਉਨ੍ਹਾਂ ਮਹਿਲਾਵਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਦਸਤਾਵੇਜ਼ ਪੂਰੇ ਕਰ ਕੇ ਸਮੇਂ ਸਿਰ ਰਜਿਸਟਰੇਸ਼ਨ ਕਰਵਾਉਣ |