ਪਠਾਨਕੋਟ, 3 ਅਪ੍ਰੈਲ (ਸੰਧੂ)- ਭਰੋਲੀ ਕਲਾਂ ਵਿਚ ਇਕ ਗ਼ਰੀਬ ਫੇਰੀ ਵਾਲੇ ਨਾਲ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਭੱਲੇ ਖ਼ਰੀਦਣ ਦੇ ਬਹਾਨੇ ਇਕ ਅਣਪਛਾਤਾ ਵਿਅਕਤੀ ਉਸ ਦਾ ਮੋਬਾਈਲ ਫੋਨ ਲੈ ਕੇ ਫ਼ਰਾਰ ਹੋ ਗਿਆ | ਇਸ ਘਟਨਾ ਤੋਂ ਬਾਅਦ ਪੀੜਤ ਪੁਲਿਸ ਥਾਣਿਆਂ ਦੇ ਚੱਕਰ ਕੱਟਣ ਲਈ ਮਜਬੂਰ ਹੈ ਜਿਸ ਨਾਲ ਪੁਲਿਸ ਦੀ ਕਾਰਗੁਜ਼ਾਰੀ 'ਤੇ ਸਵਾਲ ਖੜੇ ਹੋ ਰਹੇ ਹਨ | ਪੀੜਤ ਕਿਸ਼ਨ ਬਾਬੂ ਨੇ ਦੱਸਿਆ ਕਿ ਉਹ ਪਿਛਲੇ ਕਰੀਬ 8 ਸਾਲਾਂ ਤੋਂ ਪਿੰਡਾਂ ਵਿਚ ਫੇਰੀ ਲਾ ਕੇ ਭੱਲੇ ਵੇਚ ਕੇ ਆਪਣੇ ਪਰਿਵਾਰ ਦੀ ਗੁਜ਼ਾਰਾ ਕਰ ਰਿਹਾ ਹੈ | ਬੁੱਧਵਾਰ ਦੁਪਹਿਰ ਕਰੀਬ 12 ਵਜੇ ਉਹ ਭਰੋਲੀ ਕਲਾਂ ਵਿਖੇ ਗੁਰਦੁਆਰਾ ਸਾਹਿਬ ਦੇ ਨੇੜੇ ਭੱਲੇ ਵੇਚ ਰਿਹਾ ਸੀ ਕਿ ਇਸੇ ਦੌਰਾਨ ਇਕ ਵਿਅਕਤੀ ਉਸ ਦੇ ਕੋਲ ਆਇਆ ਤੇ ਦੋ ਹਜ਼ਾਰ ਰੁਪਏ ਦੇ ਭੱਲੇ ਲੈਣ ਦੀ ਗੱਲ ਕਰਦੇ ਹੋਏ ਅਗਲੇ ਦਿਨ ਲੈਣ ਦਾ ਕਹਿਣ ਲੱਗ ਪਿਆ | ਉਕਤ ਵਿਅਕਤੀ ਨੇ ਗੱਲਾਂ ਵਿਚ ਫਸਾ ਕੇ ਕਿਹਾ ਕਿ ਉਹ ਕਿਸੇ ਨਾਲ ਫੋਨ 'ਤੇ ਗੱਲ ਕਰਨੀ ਚਾਹੁੰਦਾ ਹੈ ਤੇ ਕਿਸ਼ਨ ਬਾਬੂ ਤੋਂ ਮੋਬਾਈਲ ਮੰਗ ਲਿਆ, ਜਿਵੇਂ ਹੀ ਪੀੜਤ ਨੇ ਮੋਬਾਈਲ ਦਿੱਤਾ, ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਿਆ | ਘਟਨਾ ਤੋਂ ਬਾਅਦ ਪੀੜਤ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਇਕ ਥਾਣੇ ਤੋਂ ਦੂਜੇ ਥਾਣੇ ਭੇਜਿਆ ਜਾਂਦਾ ਰਿਹਾ | ਉਸ ਦਾ ਕਹਿਣਾ ਹੈ ਕਿ ਪਹਿਲਾਂ ਉਹ ਥਾਣਾ ਨੰਬਰ-1 ਗਿਆ ਜਿੱਥੋਂ ਉਸ ਨੂੰ ਸਦਰ ਥਾਣੇ ਭੇਜਿਆ ਗਿਆ ਜਦਕਿ ਸਦਰ ਥਾਣੇ ਵਿਚੋਂ ਮੁੜ ਥਾਣਾ ਨੰਬਰ-1 ਜਾਣ ਲਈ ਕਿਹਾ ਗਿਆ | ਪੀੜਤ ਨੇ ਦੋਸ਼ ਲਗਾਇਆ ਕਿ ਪੁਲਿਸ ਉਸ ਦੀ ਸ਼ਿਕਾਇਤ ਦਰਜ ਕਰਨ ਤੋਂ ਕਤਰਾ ਰਹੀ ਹੈ ਅਤੇ ਉਸ ਨੂੰ ਲਗਾਤਾਰ ਭਟਕਾਇਆ ਜਾ ਰਿਹਾ ਹੈ |