15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਪੱਕੀ ਫ਼ਸਲ 'ਤੇ ਪੈ ਰਹੇ ਮੀਂਹ ਨੇ ਕਿਸਾਨ ਕੀਤੇ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 05-04-2026
ਗੁਰਦਾਸਪੁਰ, 4 ਅਪ੍ਰੈਲ (ਅਸ਼ੋਕ ਸ਼ਰਮਾ)- ਇਲਾਕੇ ਅੰਦਰ ਪੈ ਰਹੇ ਮੀਂਹ ਨੇ ਕਿਸਾਨਾਂ ਦੀਆਂ ਚਿੰਤਾਵਾਂ 'ਚ ਵਾਧਾ ਕਰ ਦਿੱਤਾ ਹੈ, ਕਿਉਂਕਿ ਪਹਿਲਾਂ ਹੀ ਤੇਜ਼ ਹਨੇਰੀ ਤੇ ਮੀਂਹ ਨੇ ਕਿਸਾਨਾਂ ਦੀ ਕਣਕ ਦੀ ਫ਼ਸਲ ਨੂੰ ਲੰਮੇ ਪਾ ਦਿੱਤਾ ਹੈ ਅਤੇ ਹੁਣ ਫਿਰ ਦੁਬਾਰਾ ਮੀਂਹ ਪੈਣ ਨਾਲ ਲੰਮੇ ਪਈ ਕਣਕ ਦੇ ਦਾਣੇ ਕਾਲੇ ਹੋ ਰਹੇ ਹਨ ਜਿਸ ਨਾਲ ਕਿਸਾਨ ਕਾਫੀ ਪ੍ਰੇਸ਼ਾਨ ਨਜ਼ਰ ਆ ਰਹੇ ਹਨ | ਕਿਸਾਨ ਨਸੀਬ ਸਿੰਘ, ਗੁਰਮੀਤ ਸਿੰਘ, ਸੁਲੱਖਣ ਸਿੰਘ, ਬਖ਼ਸ਼ੀਸ਼ ਸਿੰਘ, ਤਰਲੋਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਕਾਫੀ ਖਰਚਾ ਕਰਕੇ ਕਣਕ ਦੀ ਬਿਜਾਈ ਕੀਤੀ ਸੀ ਪਰ ਹੁਣ ਮੀਂਹ ਕਾਰਨ ਫ਼ਸਲ ਖ਼ਰਾਬ ਹੋਣ ਕਰਕੇ ਉਨ੍ਹਾਂ ਦਾ ਕਾਫੀ ਨੁਕਸਾਨ ਹੋ ਰਿਹਾ ਹੈ | ਉਨ੍ਹਾਂ ਕਿਹਾ ਜੇਕਰ ਆਉਣ ਵਾਲੇ ਸਮੇਂ 'ਚ ਇਸੇ ਤਰ੍ਹਾਂ ਮੀਂਹ ਪੈਂਦਾ ਰਿਹਾ ਤਾਂ ਕਣਕ ਦੀ ਫ਼ਸਲ ਖੇਤਾਂ 'ਚੋਂ ਕੱਢਣੀ ਔਖੀ ਹੋ ਜਾਵੇਗੀ | ਉਨ੍ਹਾਂ ਕਿਹਾ ਕਿ ਪਹਿਲਾਂ ਵੀ ਝੋਨੇ ਦੀ ਫ਼ਸਲ ਨੂੰ ਖੇਤਾਂ 'ਚੋਂ ਬਾਹਰ ਕੱਢਣ ਲਈ ਸਪੈਸ਼ਲ ਚੇਨ ਵਾਲੀਆਂ ਕੰਬਾਈਨਾਂ ਦੇ ਮਾਲਕਾਂ ਨੂੰ ਜ਼ਿਆਦਾ ਪੈਸੇ ਦੇ ਕੇ ਖੇਤ ਖ਼ਾਲੀ ਕਰਵਾਏ ਗਏ ਸਨ ਤੇ ਹੁਣ ਫਿਰ ਦੁਬਾਰਾ ਕਣਕ ਦੀ ਫ਼ਸਲ ਨੂੰ ਵੀ ਪਾਣੀ ਵਿਚੋਂ ਬਾਹਰ ਕੱਢਣਾ ਔਖਾ ਹੋ ਜਾਵੇਗਾ | ਉਨ੍ਹਾਂ ਕਿਹਾ ਕਿ ਉਹ ਪਹਿਲਾਂ ਹੀ ਕਾਫੀ ਆਰਥਿਕ ਮੰਦਹਾਲੀ 'ਚੋਂ ਗੁਜ਼ਰ ਰਹੇ ਹਨ ਤੇ ਹੁਣ ਕੁਦਰਤੀ ਪ੍ਰਕੋਪ ਨੇ ਉਨ੍ਹਾਂ ਦੀਆਂ ਮੁਸੀਬਤਾਂ 'ਚ ਹੋਰ ਵਾਧਾ ਕਰ ਦਿੱਤਾ ਹੈ | ਕਿਸਾਨਾਂ ਨੇ ਕਿਹਾ ਕਿ ਜਦੋਂ ਉਹ ਆਪਣੇ ਖੇਤਾਂ ਵੱਲ ਜਾਂਦੇ ਹਨ ਤਾਂ ਖੇਤਾਂ ਵਿਚ ਵਿਛੀ ਕਣਕ ਨੂੰ ਦੇਖ ਕੇ ਉਨ੍ਹਾਂ ਦੇ ਮਨਾਂ ਨੂੰ ਕਾਫੀ ਠੇਸ ਪਹੁੰਚਦੀ ਹੈ | ਕਿਸਾਨਾਂ ਨੇ ਦੱਸਿਆ ਕਿ ਇਸ ਵਾਰ ਕਣਕ ਦੀ ਫ਼ਸਲ ਦਾ ਝਾੜ ਵੀ ਵਧੀਆ ਹੋਣ ਦੇ ਆਸਾਰ ਸਨ ਪਰ ਹੁਣ ਉਨ੍ਹਾਂ ਦੀਆਂ ਉਮੀਦਾਂ 'ਤੇ ਪਾਣੀ ਫਿਰ ਚੁੱਕਾ ਹੈ | ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਮੀਂਹ ਕਾਰਨ ਖ਼ਰਾਬ ਹੋਣ ਵਾਲੀਆਂ ਫਸਲਾਂ ਦੀ ਗਿਰਦਾਵਰੀ ਸਮੇਂ ਸਿਰ ਕਰਵਾ ਕੇ ਕਿਸਾਨਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣਾ ਯਕੀਨੀ ਬਣਾਇਆ ਜਾਵੇ |
ਗੁਰਦਾਸਪੁਰ, (ਚੱਕਰਾਜਾ)-ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਖ਼ਰਾਬ ਮੌਸਮ ਅਤੇ ਕੁਝ ਦਿਨਾਂ ਦੇ ਵਕਫ਼ੇ 'ਤੇ ਪੈ ਰਹੇ ਮੀਂਹ ਨੇ ਕਿਸਾਨਾਂ ਦੇ ਸਾਹ ਸੂਤੇ ਹੋਏ ਹਨ, ਕਿਉਂਕਿ ਪੱਕਣ ਕਿਨਾਰੇ ਖੜ੍ਹੀ ਕਣਕ ਦੀ ਫ਼ਸਲ 'ਤੇ ਇਸ ਖ਼ਰਾਬ ਮੌਸਮ ਅਤੇ ਮੀਂਹ ਦਾ ਮਾੜਾ ਅਸਰ ਪੈ ਸਕਦਾ ਹੈ | ਬਹੁਤ ਸਾਰੀਆਂ ਨੀਵੀਂਆਂ ਜ਼ਮੀਨਾਂ ਜਿਨ੍ਹਾਂ 'ਚ ਜੇਕਰ ਮੀਂਹ ਦਾ ਪਾਣੀ ਖੜ੍ਹਾ ਹੋ ਜਾਂਦਾ ਹੈ ਤਾਂ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਫ਼ਸਲ ਦੀ ਕਟਾਈ ਔਖੀ ਹੋ ਸਕਦੀ ਹੈ | ਇਸੇ ਤਰ੍ਹਾਂ ਤੇਲ ਬੀਜ ਫ਼ਸਲ ਸਰ੍ਹੋਂ ਦੀ ਚੱਲ ਰਹੀ ਕਟਾਈ 'ਚ ਵੀ ਖ਼ਰਾਬ ਮੌਸਮ ਅੜਿੱਕਾ ਬਣ ਰਿਹਾ ਹੈ, ਕਿਉਂਕਿ ਸਰੋ੍ਹਾ ਦੀ ਫ਼ਸਲ ਇਕ ਅਜਿਹੀ ਫ਼ਸਲ ਹੈ, ਜਿਸ ਦੀ ਕਟਾਈ ਤੋਂ ਬਾਅਦ ਇਸ ਦੀ ਗਹਾਈ ਲਈ ਇਸ ਨੰੂ ਕਈ ਦਿਨ ਖੇਤ 'ਚ ਹੀ ਸੁਕਾਉਣਾ ਪੈਂਦਾ ਹੈ | ਪਰ ਬਣੀ ਬੱਦਲਵਾਈ ਅਤੇ ਹੋ ਰਹੀ ਕਿਣ-ਮਿਣ ਕਾਰਨ ਕਿਸਾਨਾਂ ਲਈ ਇਸ ਫ਼ਸਲ ਨੰੂ ਵੀ ਸੰਭਾਲਣਾ ਔਖਾ ਹੋਇਆ ਪਿਆ ਹੈ | ਇਸੇ ਤਰ੍ਹਾਂ ਚੱਲ ਰਹੇ ਗੰਨੇ ਦੀ ਬਿਜਾਈ ਦੇ ਸੀਜ਼ਨ ਦੌਰਾਨ ਵੀ ਮੀਂਹ ਪੈਣ ਕਾਰਨ ਗੰਨੇ ਦੀ ਲਵਾਈ ਪ੍ਰਭਾਵਿਤ ਹੋ ਰਹੀ ਹੈ | ਜੇਕਰ ਆਉਂਦੇ ਦਿਨਾਂ 'ਚ ਵੀ ਮੌਸਮ ਇਸੇ ਤਰ੍ਹਾਂ ਰਿਹਾ ਤਾਂ ਕਿਸਾਨਾਂ ਲਈ ਪੱਕੀਆਂ ਫ਼ਸਲਾਂ ਨੰੂ ਸੰਭਾਲਣਾ ਔਖਾ ਹੋ ਸਕਦਾ ਹੈ |
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਭਾਈ ਸੁੱਖਾ ਸਿੰਘ- ਭਾਈ ਮਹਿਤਾਬ ਸਿੰਘ ਦੇ ਨਾਂਅ 'ਤੇ ਬਣੇਗਾ ਮੁਹੱਲਾ ਕਲੀਨਿਕ : ਵਿਧਾਇਕ ਸ਼ੈਰੀ ਕਲਸੀ ਅਗਲੀ ਖ਼ਬਰ ਵਾਰਦਾਤ ਕਰਨ ਤੋਂ ਪਹਿਲਾਂ ਹੀ 2 ਨੌਜਵਾਨ ਪਿਸਤੌਲ ਤੇ ਰੌਂਦਾਂ ਸਮੇਤ ਪੁਲਿਸ ਨੇ ਕੀਤੇ ਕਾਬੂ <br/>
Ad Position 24