ਪਠਾਨਕੋਟ, 4 ਅਪ੍ਰੈਲ (ਵਿਨੋਦ)- ਐੱਸ.ਐੱਸ.ਪੀ. ਦਫ਼ਤਰ ਪਠਾਨਕੋਟ ਦੇ ਨਜ਼ਦੀਕ ਬਿਨਾਂ ਨਕਸ਼ਾ ਪਾਸ ਕਰਵਾਏ ਬਣ ਰਹੀ ਬਿਲਡਿੰਗ ਦੀ ਉਸਾਰੀ ਦੇ ਕੰਮ ਨੂੰ ਨਗਰ ਨਿਗਮ ਦੇ ਅਧਿਕਾਰੀਆਂ ਵਲੋਂ ਬੰਦ ਕਰਵਾਇਆ ਗਿਆ ਹੈ | ਜਾਣਕਾਰੀ ਅਨੁਸਾਰ ਐੱਸ.ਐੱਸ.ਪੀ. ਦਫਤਰ ਪਠਾਨਕੋਟ ਦੇ ਨਜ਼ਦੀਕ ਇਕ ਬਿਲਡਿੰਗ ਬਣ ਰਹੀ ਸੀ ਜਿਸ ਵਿਚ ਦੁਕਾਨਾਂ ਕੱਟੀਆਂ ਜਾ ਰਹੀਆਂ ਸਨ, ਜਿਸ ਦੀ ਸ਼ਿਕਾਇਤ ਕਮਿਸ਼ਨਰ ਨਗਰ ਨਿਗਮ ਕੋਲ ਪਹੁੰਚੀ ਤਾਂ ਇਸ ਸੰਬੰਧੀ ਸਹਾਇਕ ਕਮਿਸ਼ਨਰ ਨੂੰ ਕਾਰਵਾਈ ਕਰਨ ਲਈ ਕਿਹਾ ਗਿਆ, ਜਦੋਂ ਸਹਾਇਕ ਕਮਿਸ਼ਨਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਬਿਲਡਿੰਗ ਬਰਾਂਚ ਦੇ ਐਮ.ਟੀ.ਪੀ. ਨੂੰ ਜ਼ਰੂਰੀ ਕਾਰਵਾਈ ਲਈ ਕਿਹਾ ਗਿਆ ਹੈ | ਇਸ ਸੰਬੰਧੀ ਜਦ ਐਮ.ਟੀ.ਪੀ. ਵਜੀਰ ਰਾਜ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਬਿਲਡਿੰਗ ਇੰਸਪੈਕਟਰ ਨੂੰ ਜ਼ਰੂਰੀ ਕਾਰਵਾਈ ਕਰਨ ਲਈ ਕਿਹਾ ਗਿਆ ਹੈ | ਇਸ ਸੰਬੰਧੀ ਜਦ ਬਿਲਡਿੰਗ ਇੰਸਪੈਕਟਰ ਸਮੀਰ ਡੋਗਰਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਬਿਲਡਿੰਗ ਦਾ ਨਕਸ਼ਾ ਪਾਸ ਨਹੀਂ ਹੋਇਆ ਸੀ ਜਿਸ ਦੇ ਚੱਲਦੇ ਇਸ ਬਿਲਡਿੰਗ ਉਸਾਰੀ ਦੇ ਕੰਮ ਨੂੰ ਬੰਦ ਕਰਵਾਇਆ ਗਿਆ ਹੈ ਤੇ ਸਬੰਧਿਤ ਮਾਲਕਾਂ ਨੂੰ ਆਪਣੇ ਡਾਕੂਮੈਂਟਸ ਪੇਸ਼ ਕਰਨ ਲਈ ਕਿਹਾ ਗਿਆ ਹੈ, ਕਾਗਜ਼ ਪੱਤਰਾਂ ਦੀ ਜਾਂਚ ਦੇ ਬਾਅਦ ਹੀ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਗੱਲ ਦੱਸਣਯੋਗ ਹੈ ਕਿ ਨਗਰ ਨਿਗਮ ਦੇ ਦਾਇਰੇ 'ਚ ਕਈ ਬਿਲਡਿੰਗਾਂ ਬਿਨਾਂ ਨਕਸ਼ਾ ਪਾਸ ਕਰਵਾਏ ਬਣ ਰਹੀਆਂ ਹਨ ਪਰ ਨਗਰ ਨਿਗਮ ਦੇ ਅਧਿਕਾਰੀਆਂ ਦੀ ਢਿੱਲੀ ਕਾਰਜ ਪ੍ਰਣਾਲੀ ਦੇ ਚੱਲਦੇ ਇਹ ਬਿਲਡਿੰਗਾਂ ਬਣ ਕੇ ਤਿਆਰ ਵੀ ਹੋ ਜਾਂਦੀਆਂ ਹਨ ਪਰ ਨਗਰ ਨਿਗਮ ਇਨਾਂ ਬਿਲਡਿੰਗਾਂ ਦੀ ਉਸਾਰੀ ਨੂੰ ਰੋਕਣ ਵਿਚ ਬੇਵੱਸ ਨਜ਼ਰ ਆਉਂਦਾ ਹੈ ਜਿਸ ਨਾਲ ਨਗਰ ਨਿਗਮ ਨੂੰ ਲੱਖਾਂ ਰੁਪਏ ਦਾ ਚੂਨਾ ਲੱਗਦਾ ਹੈ |