ਗੁਰਦਾਸਪੁਰ, 5 ਅਪ੍ਰੈਲ (ਚੱਕਰਾਜਾ)-ਸਥਾਨਿਕ ਸ਼ਹਿਰ ਦੀ ਮਸ਼ਹੂਰ ਇਲੈਕਟੋ੍ਰਨਿਕ ਦੀ ਦੁਕਾਨ 'ਤੇ ਚੋਰਾਂ ਵਲੋਂ ਚੋਰੀ ਦੀ ਘਟਨਾ ਨੰੂ ਅੰਜਾਮ ਦਿੱਤਾ ਗਿਆ | ਜਾਣਕਾਰੀ ਅਨੁਸਾਰ ਅਜੇ ਟੀ.ਵੀ ਸੈਂਟਰ ਦੇ ਮਾਲਕ ਪੰਕਜ ਮਹਾਜਨ ਵਲੋਂ ਉਸਾਰੀ ਜਾ ਰਹੀ ਨਵੀਂ ਇਮਾਰਤ ਵਿਚ ਬੀਤੀ ਰਾਤ ਚੋਰਾਂ ਵਲੋਂ ਲੱਖਾਂ ਰੁਪਏ ਦੀਆਂ ਏਅਰ ਕੰਡੀਸ਼ਨਰ ਦੀਆਂ 15 ਕਾਪਰ ਪਾਈਪਾਂ ਅਤੇ ਵਾਇਰਿੰਗ ਪੁੱਟ ਕੇ ਵਿਚੋਂ ਤਾਰਾਂ ਚੋਰੀ ਕਰ ਲਈਆਂ ਗਈਆਂ | ਹੈਰਾਨੀ ਦੀ ਗੱਲ ਇਹ ਹੈ ਕਿ ਚੋਰਾਂ ਵਲੋਂ ਇਮਾਰਤ ਦੇ ਤਾਲੇ ਨਹੀਂ ਤੋੜੇ ਗਏ | ਸ਼ੱਕ ਜਤਾਇਆ ਜਾ ਰਿਹਾ ਹੈ ਕਿ ਚੋਰ ਨੇੜੇ ਦੀ ਕਿਸੇ ਬਿਲਡਿੰਗ 'ਚੋਂ ਹੁੰਦੇ ਹੋਏ ਛੱਤ ਰਾਹੀਂ ਜਾਂ ਫਿਰ ਲਿਫ਼ਟ ਲਈ ਛੱਡੀ ਗਈ ਖਾਲੀ ਜਗ੍ਹਾ ਵਿਚੋਂ ਉੱਪਰ ਚੜ੍ਹ ਕੇ ਇਮਾਰਤ ਵਿਚ ਦਾਖ਼ਲ ਹੋਏ ਹਨ | ਪੰਕਜ ਮਹਾਜਨ ਦਾ ਕਹਿਣਾ ਹੈ ਕਿ ਚੋਰਾਂ ਵਲੋਂ ਬੜੀ ਤਸੱਲੀ ਨਾਲ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਅਤੇ ਤਿੰਨਾਂ ਮੰਜ਼ਿਲਾਂ ਤੋਂ ਸਮਾਨ ਅਤੇ ਵਾਇਰਿੰਗ ਪੁੱਟ ਕੇ ਤਾਰਾਂ ਚੋਰੀ ਕੀਤੀਆਂ ਗਈਆਂ ਹਨ | ਜਿਸ ਨਾਲ ਉਨਾਂ ਦਾ ਕਰੀਬ 3 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ | ਉਨ੍ਹਾਂ ਇਸ ਘਟਨਾ ਸਬੰਧੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ ਅਤੇ ਪੁਲਿਸ ਵਲੋਂ ਮੌਕੇ 'ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਗਿਆ | ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਜਸਵੰਤ ਸਿੰਘ ਨੇ ਕਿਹਾ ਕਿ ਨੇੜੇ ਦੇ ਸੀ.ਸੀ.ਟੀ.ਵੀ ਕੈਮਰੇ ਖੰਘਾਲੇ ਜਾ ਰਹੇ ਹਨ ਅਤੇ ਜਲਦੀ ਹੀ ਚੋਰਾਂ ਨੂੰ ਫੜ ਲਿਆ ਜਾਵੇਗਾ | ਇਹ ਵੀ ਦੱਸਣਯੋਗ ਹੈ ਕਿ ਜਿਸ ਇਮਾਰਤ ਵਿਚ ਚੋਰੀ ਹੋਈ ਹੈ, ਉਸ ਦੇ ਨੇੜੇ ਹੀ ਇਕ ਵੱਡਾ ਬੈਂਕ ਅਤੇ ਉਸ ਦਾ ਏ.ਟੀ.ਐਮ ਵੀ ਸਥਿਤ ਹੈ |