ਗੁਰਦਾਸਪੁਰ, 5 ਅਪ੍ਰੈਲ (ਪੰਕਜ ਸ਼ਰਮਾ)-ਗੋਲਡਨ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਭਵਿੱਖ 'ਤੇ ਵਰਕਸ਼ਾਪ ਦੀ ਮੇਜ਼ਬਾਨੀ ਕੀਤੀ ਜਿਸ ਵਿਚ ਵਿਦਿਆਰਥੀਆਂ ਨੂੰ ਇਕ ਪੇਸ਼ਕਾਰੀ ਰਾਹੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਭਵਿੱਖ ਬਾਰੇ ਜਾਣੂ ਕਰਵਾਇਆ ਗਿਆ | ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੂੰ ਰੋਬੋਟ ਚੀਚੀ ਨਾਲ ਜਾਣੂ ਕਰਵਾਇਆ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਵਿਚ ਕੈਰੀਅਰ ਬਣਾਉਣ ਲਈ ਉਤਸ਼ਾਹਿਤ ਕੀਤਾ ਗਿਆ | ਕਾਲਜ ਚੇਅਰਮੈਨ ਡਾ: ਮੋਹਿਤ ਮਹਾਜਨ ਤੇ ਮੁੱਖ ਪ੍ਰਬੰਧ ਨਿਰਦੇਸ਼ਕ ਡਾ: ਰਾਘਵ ਮਹਾਜਨ ਨੇ ਕਿਹਾ ਕਿ ਅੱਜ ਕਿਸੇ ਵੀ ਕੋਰਸ ਨੂੰ ਸਿੱਖਣ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਬਹੁਤ ਜ਼ਰੂਰੀ ਹੈ | ਉਨ੍ਹਾਂ ਦੱਸਿਆ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਮਨੁੱਖਾਂ ਨਾਲੋਂ ਘੱਟ ਗ਼ਲਤੀਆਂ ਕਰਦੀ ਹੈ ਤੇ ਜੋਖ਼ਮ ਭਰੇ ਕੰਮਾਂ ਨੂੰ ਵੀ ਆਸਾਨੀ ਨਾਲ ਸੰਭਾਲ ਸਕਦੀ ਹੈ | ਉਨ੍ਹਾਂ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਅੱਜ ਬੌਧਿਕ ਤੇ ਮਾਨਸਿਕ ਵਿਕਾਸ ਲਈ ਬਹੁਤ ਜ਼ਰੂਰੀ ਹੈ | ਇਸ ਮੌਕੇ ਜਲੰਧਰ ਦੀ ਇਕ ਰਾਸ਼ਟਰੀ ਕੰਪਨੀ, ਟੈੱਕ ਕੈਡ ਦੇ ਬੁਲਾਰੇ ਨੇ ਵਿਦਿਆਰਥੀਆਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਬਹੁਤ ਹੀ ਸੁਚਾਰੂ ਢੰਗ ਨਾਲ ਸਮਝਾਇਆ | ਅੰਤ ਵਿਚ ਸਾਰੇ ਵਿਦਿਆਰਥੀਆਂ ਨੇ ਸਮਝਿਆ ਕਿ ਰੋਬੋਟ ਚੀਚੀ ਕਿਵੇਂ ਕੰਮ ਕਰਦਾ ਹੈ |