ਬਟਾਲਾ, 6 ਅਪ੍ਰੈਲ (ਸਤਿੰਦਰ ਸਿੰਘ)- ਦਿਹਾਤੀ ਮਜ਼ਦੂਰ ਸਭਾ ਵਲੋਂ ਡਾ. ਬੀ.ਆਰ. ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ 8 ਅਪ੍ਰੈਲ ਨੂੰ ਦੇਸ਼ ਭਗਤ ਯਾਦਗਾਰ ਜਲੰਧਰ ਵਿਖੇ ਮਜ਼ਦੂਰਾਂ ਦੇ ਭਖਦੇ ਮਸਲਿਆਂ ਨੂੰ ਹੱਲ ਕਰਾਉਣ ਲਈ ਵਿਸ਼ਾਲ ਸੂਬਾਈ ਰੈਲੀ ਕੀਤੀ ਜਾ ਰਹੀ ਹੈ | ਰੈਲੀ ਦੀ ਤਿਆਰੀ ਲਈ ਪਿੰਡ ਛਿੱਤ, ਦਿਆਲਗੜ੍ਹ, ਭੁੱਲਰ, ਕੋਟਲੀ ਫੱਸੀ, ਉਧੋਵਾਲ, ਸੰਦਲਪੁਰ, ਰਾਜੂਵਾਲ ਆਦਿ ਥਾਵਾਂ 'ਤੇ ਹੋਈਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਵਿੱਤ ਸਕੱਤਰ ਸ਼ਮਸ਼ੇਰ ਸਿੰਘ ਨਵਾਂ ਪਿੰਡ ਨੇ ਕਿਹਾ ਕਿ ਰੈਲੀ ਵਿਚ ਮੰਗਾਂ ਨੂੰ ਮਨਵਾਉਣ ਲਈ ਪੂਰੇ ਪੰਜਾਬ ਵਿਚੋਂ ਹਜ਼ਾਰਾਂ ਦੀ ਗਿਣਤੀ 'ਚ ਮਜ਼ਦੂਰ ਸ਼ਾਮਲ ਹੋ ਕੇ ਜ਼ੋਰਦਾਰ ਆਵਾਜ਼ ਬੁਲੰਦ ਕਰਨਗੇ | ਇਸ ਰੈਲੀ ਵਿਚ ਜ਼ਿਲ੍ਹਾ ਗੁਰਦਾਸਪੁਰ ਤੋਂ ਵੱਡੀ ਗਿਣਤੀ ਵਿਚ ਕਿਰਤੀ-ਕਾਮੇ ਸ਼ਾਮਲ ਹੋਣਗੇ | ਇਨ੍ਹਾਂ ਮੀਟਿੰਗਾਂ ਵਿਚ ਮਨੀਰ ਮਸੀਹ ਸਤਕੋਹਾ, ਜਸਵਿੰਦਰ ਸਿੰਘ ਛਿੱਤ, ਸੁਖਵੰਤ ਸਿੰਘ ਸੰਦਲਪੁਰ, ਨਥਾਨੀਅਲ ਦਿਆਲਗੜ੍ਹ, ਬੂਟਾ ਮਸੀਹ ਕੋਟਲੀ ਫੱਸੀ, ਸਤਨਾਮ ਸਿੰਘ ਭੁੱਲਰ, ਨਿਸ਼ਾਨ ਮਸੀਹ ਉਧੋਵਾਲ, ਬਿੱਟੂ ਮਸੀਹ ਰਾਜੂਵਾਲ, ਬਲਕਾਰ ਕਿਲ੍ਹਾ ਦਰਸ਼ਨ ਸਿੰਘ, ਮਾਸਟਰ ਡੇਵਿਡ ਦਿਆਲਗੜ੍ਹ, ਹਮੀਦ ਦਿਆਲਗੜ੍ਹ, ਨਿਸ਼ਾਨ ਕੋਟਲੀ ਫੱਸੀ ਆਦਿ ਹਾਜ਼ਰ ਸਨ |