ਬਟਾਲਾ, 6 ਅਪ੍ਰੈਲ (ਰਾਕੇਸ਼ ਰੇਖੀ)- ਪਿੰਡਾਂ 'ਚ ਫੇਰੀ ਲਗਾ ਕੇ ਕੱਪੜੇ ਵੇਚਣ ਦਾ ਕੰਮ ਕਰਨ ਵਾਲਾ ਨੌਜਵਾਨ ਟਰੱਕ ਦੀ ਲਪੇਟ 'ਚ ਆਉਣ 'ਤੇ ਗੰਭੀਰ ਜ਼ਖ਼ਮੀ ਹੋ ਗਿਆ | ਥਾਣਾ ਸ੍ਰੀ ਹਰਿਗੋਬਿੰਦਪੁਰ ਏ.ਐਸ.ਆਈ. ਸਰਵਣ ਸਿੰਘ ਨੇ ਦੱਸਿਆ ਕਿ ਗੁਰਦਾਸਪੁਰ ਦੇ ਰਹਿਣ ਵਾਲੇ ਰਾਜੇਸ਼ ਕੁਮਾਰ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਉਹ ਤੇ ਉਸ ਦਾ ਦੋਸਤ ਅਵਿਨਾਸ਼ ਕੁਮਾਰ ਪਿੰਡਾਂ ਵਿਚ ਆਪਣੀ ਸਕੂਟੀ 'ਤੇ ਫੇਰੀ ਲਗਾ ਕੇ ਕੱਪੜੇ ਵੇਚਣ ਦਾ ਕੰਮ ਕਰਦੇ ਹਨ | ਬੀਤੇ ਦਿਨ ਸਵੇਰੇ ਕਰੀਬ ਸਾਢੇ ਨੌ ਵਜੇ ਉਹ ਦੋਵੇ ਅੱਡਾ ਹਰਚੋਵਾਲ ਪਹੁੰਚੇ ਤਾਂ ਉਨ੍ਹਾਂ ਦਾ ਦੋਸਤ ਹਿਮਾਂਸ਼ੂ ਸਲਹੋਤਰਾ ਜੋ ਕਿ ਮੈਡੀਕਲ ਸਟੋਰਾਂ 'ਤੇ ਦਵਾਈਆਂ ਸਪਲਾਈ ਕਰਨ ਦਾ ਕੰਮ ਕਰਦਾ ਹੈ, ਉਹ ਮਿਲ ਪਿਆ | ਉਨ੍ਹਾ ਨੇ ਸਲਾਹ ਕੀਤੀ ਕਿ ਉਹ ਇਕੱਠੇ ਵਾਪਸ ਜਾਣਗੇ | ਜਦੋਂ ਉਹ ਪਿੰਡ ਭਾਮੜੀ ਦੀ ਬਾਜ਼ੀਗਰ ਬਸਤੀ ਦੇ ਨੇੜੇ ਪਹੁੰਚੇ ਤਾਂ ਇਕ ਟਰੱਕ ਦੇ ਚਾਲਕ ਨੇ ਲਾਪ੍ਰਵਾਹੀ ਕਰਦਿਆਂ ਹਿਮਾਂਸ਼ੂ ਸਲਹੋਤਰਾ ਦੀ ਸਕੂਟੀ ਨੂੰ ਆਪਣੀ ਲਪੇਟ ਵਿਚ ਲੈ ਲਿਆ | ਟਰੱਕ ਦੇ ਟਾਇਰ ਹੇਠ ਆ ਜਾਣ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ | ਇਲਾਜ ਲਈ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ | ਪੁਲਿਸ ਨੇ ਗੋਇਲ ਰੋਡ ਕੈਰੀਅਰ ਕੰਪਨੀ ਦੇ ਟਰੱਕ ਚਾਲਕ ਜੀਤ ਨਰਾਇਣ ਵਾਸੀ ਗਾਜ਼ੀਪੁਰ ਉੱਤਰ-ਪ੍ਰਦੇਸ਼ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ |