ਬਟਾਲਾ, 6 ਅਪ੍ਰੈਲ (ਰਾਕੇਸ਼ ਰੇਖੀ)- ਨੌਜਵਾਨ ਨੂੰ ਕੈਨੇਡਾ ਦੀ ਬਜਾਏ ਦੁਬਈ ਭੇਜ ਕੇ ਠੱਗੀ ਮਾਰਨ ਦੇ ਦੋਸ਼ ਤਹਿਤ ਟਰੈਵਲ ਏਜੰਟ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ | ਥਾਣਾ ਸਿਵਲ ਲਾਈਨ ਦੇ ਏ.ਐਸ.ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਮਹਾਂਵੀਰ ਨਗਰ ਅਲੀਵਾਲ ਚੌਕ ਦੇ ਰਹਿਣ ਵਾਲੇ ਸੂਰਜ ਪ੍ਰਕਾਸ਼ ਨੇ ਸ਼ਿਕਾਇਤ ਦਰਜ਼ ਕਰਵਾਈ ਕਿ ਉਹ ਆਪਣੇ ਬੇਟੇ ਦ੍ਰੋਣ ਸੂਰੀ ਨੂੰ ਵਿਦੇਸ਼ ਭੇਜਣਾ ਚਾਹੁੰਦਾ ਸੀ | ਇਸ ਸੰਬੰਧ ਵਿਚ ਉਸ ਦਾ ਸੰਪਰਕ ਕਾਦੀਆਂ ਰੋਡ 'ਤੇ ਟਰੈਵਲ ਏਜੰਸੀ ਚਲਾਉਣ ਵਾਲੇ ਅਮਨਪ੍ਰੀਤ ਸਿੰਘ ਨਾਲ ਹੋਇਆ | ਅਮਨਪ੍ਰੀਤ ਸਿੰਘ ਨੇ ਦੋ੍ਰਣ ਸੂਰੀ ਨੂੰ ਕੈਨੇਡਾ ਭੇਜਣ ਦਾ ਭਰੋਸਾ ਦਿੱਤਾ ਤੇ ਇਸ ਕੰਮ ਬਦਲੇ ਉਨ੍ਹਾਂ ਤੋਂ 4 ਲੱਖ 70 ਹਜ਼ਾਰ ਰੁਪਏ ਲੈ ਲਏ | ਪੈਸੇ ਲੈਣ ਤੋਂ ਬਾਅਦ ਟਰੈਵਲ ਏਜੰਟ ਨੇ ਉਸ ਨੂੰ ਕੈਨੇਡਾ ਭੇਜਣ ਦੀ ਬਜਾਏ ਦੁਬਈ ਭੇਜ ਦਿੱਤਾ | ਪਤਾ ਲੱਗਣ 'ਤੇ ਉਨ੍ਹਾਂ ਨੇ ਆਪਣਾ ਖਰਚਾ ਕਰ ਕੇ ਬੇਟੇ ਨੂੰ ਵਾਪਸ ਬੁਲਾ ਲਿਆ | ਕਈ ਵਾਰ ਕਹਿਣ 'ਤੇ ਟਰੈਵਲ ਏਜੰਟ ਨੂੰ ਲੜਕੇ ਨੂੰ ਕੈਨੇਡਾ ਨਹੀਂ ਭੇਜਿਆ ਤੇ ਨਾ ਹੀ ਪੈਸਾ ਵਾਪਸ ਕੀਤਾ | ਸੂਰਜ ਪ੍ਰਕਾਸ਼ ਦੀ ਸ਼ਿਕਾਇਤ ਦੀ ਜਾਂਚ ਡੀ.ਐਸ.ਪੀ. ਕ੍ਰਾਈਮ ਨੇ ਕੀਤੀ | ਜਾਂਚ ਤੋਂ ਬਾਅਦ ਐਸ.ਐਸ.ਪੀ. ਦੇ ਹੁਕਮ 'ਤੇ ਟਰੈਵਲ ਏਜੰਟ ਅਮਨਪ੍ਰੀਤ ਸਿੰਘ ਵਾਸੀ ਗ੍ਰੈਟਰ ਕੈਲਾਸ਼ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ |