ਧਾਰੀਵਾਲ, 10 ਅਪ੍ਰੈਲ (ਸਵਰਨ ਸਿੰਘ)-ਪੰਜਾਬ ਅੰਦਰ ਹੋਈ ਬੇਮੌਸਮੀ ਬਰਸਾਤ ਤੇ ਗੜ੍ਹੇਮਾਰੀ ਕਾਰਨ ਕਣਕ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਹੈ | ਇਸ ਸਬੰਧ ਵਿਚ ਉੱਘੇ ਸਮਾਜ ਸੇਵੀ ਪ੍ਰਭਜੋਤ ਸਿੰਘ ਜੋਤੀ ਸਰਦਾਰ ਨੇ ਕੇਂਦਰ ਤੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਸਰਕਾਰਾਂ ਨੂੰ ਤੁਰੰਤ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਫ਼ਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਬਿਲਕੁੱਲ ਪੱਕੀ ਤੇ ਕੁਝ ਪੱਕਣ 'ਤੇ ਆਈ ਕਣਕ ਦੀ ਇਸ ਫ਼ਸਲ 'ਤੇ ਗੜ੍ਹੇਮਾਰੀ ਤੇ ਬਰਸਾਤ ਨਾਲ ਦਾਣਿਆਂ 'ਤੇ ਕਾਫ਼ੀ ਮਾੜਾ ਅਸਰ ਪਿਆ ਹੈ, ਜਿਸ ਨਾਲ ਫ਼ਸਲ ਦਾ ਝਾੜ ਕਾਫ਼ੀ ਘੱਟ ਨਿਕਲਣ ਦੇ ਆਸਾਰ ਹਨ | ਉਨ੍ਹਾਂ ਕਿਹਾ ਕਿ ਗੜ੍ਹੇਮਾਰੀ ਤੇ ਬਰਸਾਤ ਦੇ ਨਾਲ ਦਾਣੇ ਹੌਲੇ ਪੈ ਜਾਂਦੇ ਹਨ ਜਿਸ ਨਾਲ ਕਿਸਾਨਾਂ ਨੂੰ ਪੂਰਾ ਝਾੜ ਨਹੀਂ ਮਿਲਦਾ ਤੇ ਕਾਫ਼ੀ ਨੁਕਸਾਨ ਉਠਾਉਣਾ ਪੈਂਦਾ ਹੈ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਜਿੰਨ੍ਹੀ ਜਲਦੀ ਹੋ ਸਕੇ ਨੁਕਸਾਨੀ ਫ਼ਸਲ ਦਾ ਮੁਆਵਜ਼ਾ ਦਿੱਤਾ ਜਾਵੇ |