ਕਾਹਨੂੰਵਾਨ, 10 ਅਪ੍ਰੈਲ (ਨਿਸ਼ਾਨ ਸਿੰਘ ਚਾਹਲ)- ਸੱਤਾਧਾਰੀ 'ਆਪ' ਸਰਕਾਰ ਦੇ ਨੁਮਾਇੰਦੇ ਜਿੱਥੇ ਸਰਕਾਰ ਦੇ 4 ਸਾਲਾਂ ਦੇ ਕਾਰਜਕਾਲ ਦੀਆਂ ਉਪਲੱਬਧੀਆਂ ਗਿਣਾਉਂਦੇ ਹੋਏ ਵਿਕਾਸ ਕਾਰਜਾਂ ਦਾ ਢਿੰਡੋਰਾ ਪਿੱਟ ਰਹੇ ਹਨ ਉਥੇ ਇਸ ਸਰਕਾਰ ਦੇ ਵਿਕਾਸ ਦੇ ਸਾਰੇ ਦਾਅਵੇ ਲਾਇਟਾਂ ਵਾਲਾ ਚੌਕ ਤੋਂ ਟਾਂਡਾ ਨੂੰ ਜਾਂਦੀ ਸੜਕ ਉੱਤੇ ਸਫ਼ਰ ਕਰਦਿਆਂ ਖੋਖਲੇ ਦਿਖਾਈ ਦੇ ਰਹੇ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਰਬਜੀਤ ਸਿੰਘ ਜਾਗੋਵਾਲ ਨੇ ਆਪਣੇ ਸਾਥੀਆਂ ਅਵਿੰਦਰ ਸਿੰਘ ਲਾਧੂਪੁਰ ਤੇ ਜਤਿੰਦਰ ਸਿੰਘ ਸਾਬੀ ਲਾਧੂਪੁਰ ਸਮੇਤ ਕਿਹਾ ਕਿ ਲਾਇਟਾਂ ਵਾਲਾ ਚੌਕ ਸ੍ਰੀ ਹਰਗੋਬਿੰਦਪੁਰ ਤੋਂ ਟਾਂਡਾ ਨੂੰ ਜਾਂਦੀ ਸੜਕ ਉੱਪਰ ਥਾਂ-ਥਾਂ 'ਤੇ ਪਏ ਡੂੰਘੇ ਟੋਇਆਂ ਦੇ ਕਾਰਨ ਖਸਤਾ ਹਾਲਤ ਹੋਈ ਸੜਕ ਰਾਹੀਂ ਵੱਡੇ ਸ਼ਹਿਰਾਂ ਵਿਚ ਉਚੇਰਾ ਇਲਾਜ ਕਰਾਉਣ ਲਈ ਇਸ ਰਸਤੇ ਰਾਹੀਂ ਗੁਜਰਨ ਵਾਲੇ ਮਰੀਜ਼ਾਂ ਤੇ ਚੰਡੀਗੜ੍ਹ ਤੇ ਜਲੰਧਰ ਨੂੰ ਆਪਣੇ ਕੰਮਾਂ ਲਈ ਜਾਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਕਈ ਵਾਰ ਇਸ ਸੜਕ ਰਾਹੀਂ ਗੁਜਰਨ ਵੇਲੇ ਮਰੀਜ਼ ਦੀ ਹਾਲਤ ਹੋਰ ਵੀ ਨਾਜ਼ੁਕ ਅਤੇ ਗੰਭੀਰ ਬਣ ਜਾਂਦੀ ਹੈ ਪਰ ਇਸ ਸੜਕ ਰਾਹੀਂ ਗੁਜ਼ਰ ਕੇ ਚੰਡੀਗੜ੍ਹ ਤੇ ਜਲੰਧਰ ਜਾਣ ਵਾਲੇ ਸਰਕਾਰ ਦੇ ਨੁਮਾਇੰਦਿਆਂ ਤੇ ਅਫ਼ਸਰਾਂ ਦਾ ਧਿਆਨ ਇਸ ਸੜਕ ਦੀ ਮੁਰੰਮਤ ਕਰਵਾਉਣ ਵਲ ਨਹੀਂ ਜਾ ਰਿਹਾ ਜਿਸ ਕਰ ਕੇ ਇਹ ਸਾਬਤ ਹੁੰਦਾ ਕਿ ਸਰਕਾਰ ਦੇ ਵਿਕਾਸ ਕਾਰਜ ਕੇਵਲ ਨੀਂਹ ਪੱਥਰਾਂ ਤੱਕ ਹੀ ਸੀਮਤ ਹੋ ਕੇ ਰਹਿ ਗਏ ਹਨ | ਉਨ੍ਹਾਂ ਮੰਗ ਕੀਤੀ ਕਿ ਇਸ ਸੜਕ ਦੀ ਮਹੱਤਤਾ ਨੂੰ ਧਿਆਨ ਵਿਚ ਰੱਖਦਿਆਂ ਇਸ ਸੜਕ ਨੂੰ ਪਹਿਲ ਦੇ ਅਧਾਰ 'ਤੇ ਬਣਾਇਆ ਜਾਵੇ |